ਲੰਬੀ, 18 ਦਸੰਬਰ (ਮੇਵਾ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਦੇ ਲੰਬੀ ਜ਼ੋਨ ਤੋਂ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਅਕਾਲੀ ਆਗੂ ਜਗਮੀਤ ਸਿੰਘ ਚਹਿਲ ਨੇ ਉਨ੍ਹਾਂ ਨੂੰ ਜਿੱਤ ਦਿਵਾਉਣ 'ਤੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਉਹ ਆਪਣੀ ਜਿੱਤ ਦੀ ਖ਼ੁਸ਼ੀ ਸਾਂਝੀ ਕਰਨ ਲਈ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਮਿਲ ਕੇ ਆਏ ਹਨ | ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਹੌਂਸਲਾ ਦਿੰਦਿਆਂ ਪਾਰਟੀ ਲਈ ਹੋਰ ਵੀ ਤਕੜੇ ਹੋ ਕੇ ਕੰਮ ਕਰਦੇ ਰਹਿਣ ਲਈ ਹੌਂਸਲਾ ਦਿੱਤਾ | ਜਗਮੀਤ ਚਹਿਲ ਨੇ ਪਾਰਟੀ ਪ੍ਰਧਾਨ ਤੇ ਸਮੂਹ ਬਾਦਲ ਪਰਿਵਾਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸ ਨੂੰ ਪਾਰਟੀ ਟਿਕਟ 'ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨ ਦਾ ਮੌਕਾ ਦਿੱਤਾ | ਉਨ੍ਹਾਂ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਪਾਰਟੀ ਲਈ ਦਿਨ-ਰਾਤ ਕੰਮ ਕਰਦੇ ਰਹਿਣਗੇ | ਇਥੇ ਜ਼ਿਕਰ ਕਰਨਾ ਬਣਦਾ ਹੈ ਕਿ ਖ਼ਾਸਕਰ ਲੰਬੀ ਹਲਕੇ ਵਿਚ ਅਕਾਲੀ ਦਲ ਵਲੋਂ ਸੱਤਾ ਧਿਰ ਨੂੰ ਝਟਕਾ ਦਿੰਦਿਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁੱਲ ਚਾਰ ਵਿਚੋਂ ਚਾਰੇ ਸੀਟਾਂ 'ਤੇ ਜਿੱਤ ਹਾਸਿਲ ਕੀਤੀ ਹੈ | ਇਸੇ ਤਰ੍ਹਾਂ ਬਲਾਕ ਸੰਮਤੀ ਦੀਆਂ 25 ਸੀਟਾਂ 'ਚੋਂ 20 ਸੀਟਾਂ 'ਤੇ ਜਿੱਤ ਹਾਸਲ ਕਰਕੇ ਹਲਕਾ ਲੰਬੀ ਵਿਚ ਪਾਰਟੀ ਦੀ ਸਥਿਤੀ ਕਾਫ਼ੀ ਮਜਬੂਤ ਕਰ ਲਈ ਹੈ | ਇਸ ਮੌਕੇ ਸੀਨੀਅਰ ਅਕਾਲੀ ਆਗੂਆਂ ਵਿਚ ਅਕਾਸ਼ਦੀਪ ਸਿੰਘ ਮਿੱਡੂਖੇੜਾ, ਰੂਪਮਨਦੀਪ ਸਿੰਘ ਗੋਲਡੀ ਬਰਾੜ, ਵਿਕਰਮ ਭੁੱਲਰ, ਮਨਜੀਤ ਸਿੰਘ ਲਾਲਬਾਈ, ਯੂਥ ਆਗੂਆਂ ਵਿਚ ਰਣਜੋਧ ਸਿੰਘ ਲੰਬੀ, ਜਗਮੀਤ ਸਿੰਘ ਨੀਟੂ ਤੱਪਾਖੇੜਾ, ਮਨੂੰ ਬਰਾੜ, ਅਰਪਨ ਸਿੰਘ ਬੀਦੋਵਾਲੀ, ਗੁਰਪ੍ਰੀਤ ਸਿੰਘ ਬਾਦਲ, ਹਰਮੇਸ਼ ਸਿੰਘ ਖੁੱਡੀਆਂ, ਪੰਜਾਬ ਸਿੰਘ ਤੱਪਾਖੇੜਾ, ਐਟਲੇ ਲੰਬੀ, ਸੇਠੀ ਖੁੱਡੀਆਂ ਆਦਿ ਮੌਜੂਦ ਸਨ |