ਲੰਬੀ, 19 ਦਸੰਬਰ (ਮੇਵਾ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਖ਼ਾਸਕਰ ਹਲਕਾ ਲੰਬੀ ਦੇ ਵੋਟਰਾਂ ਵਲੋਂ ਦਿੱਤੇ ਫ਼ੱਤਵੇ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਜਾਂਦਾ ਹੈ | ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਗ੍ਰਹਿ ਪਿੰਡ ਖੁੱਡੀਆਂ ਗੁਲਾਬ ਸਿੰਘ ਵਿਖੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ 'ਚ ਸਾਰੇ ਹਲਕੇ ਦਾ ਦੌਰਾ ਕਰਕੇ ਵੋਟਰਾਂ ਵਲੋਂ ਦਿੱਤੇ ਫ਼ੱਤਵੇ ਦਾ ਮੁਆਵਨਾ ਕਰਨਗੇ ਤੇ ਜਿਥੇ ਕਿਤੇ ਵੀ ਉਨ੍ਹਾਂ ਜਾਂ ਸਾਥੀਆਂ ਤੋਂ ਕੰਮ ਕਰਨ ਵਿਚ ਦੇਰੀ ਜਾਂ ਕਿਸੇ ਦਾ ਕੰਮ ਨਹੀਂ ਹੋ ਸਕਿਆ, ਬਾਰੇ ਜਾਂਚ ਪੜਤਾਲ ਕਰਨਗੇ | ਉਨ੍ਹਾਂ ਹਲਕੇ ਦੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਚੋਣਾਂ ਵਿਚ ਕਿਤੇ ਜਿੱਤ ਜਾਂ ਹਾਰ ਤਾਂ ਹਮੇਸ਼ਾ ਚੱਲਦੀ ਰਹਿੰਦੀ ਹੈ, ਫ਼ਿਰ ਵੀ ਉਹ ਚੜ੍ਹਦੀ ਕਲਾ ਵਿਚ ਹਨ | ਕੈਬਨਿਟ ਮੰਤਰੀ ਨੇ ਆਖ਼ਰ ਵਿਚ ਕਿਹਾ ਕਿ ਉਹ ਹਮੇਸ਼ਾ ਸਾਰੇ ਪੰਜਾਬ ਤੇ ਹਲਕੇ ਦੇ ਕੰਮ ਕਰਵਾਉਣ ਲਈ ਯਤਨਸ਼ੀਲ ਰਹਿਣਗੇ | ਇਸ ਮੌਕੇ ਰਛਪਾਲ ਸਿੰਘ ਖੁੱਡੀਆਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਲੋਟ, ਸ਼ਿਵਰਾਜ ਸਿੰਘ ਮਿੱਠੜੀ ਬਲਾਕ ਪ੍ਰਧਾਨ, ਸਰਪੰਚ ਕਾਲਾ ਪ੍ਰਧਾਨ ਭੀਟੀਵਾਲਾ, ਸ਼ਿਵਰਾਜ ਸਿੰਘ 'ਆਪ' ਆਗੂ, ਗੁਰਬਾਜ ਸਿੰਘ ਤੋਂ ਟੋਨੀ ਭੁੱਲਰ ਪੀ.ਏ. ਆਦਿ ਮੌਜੂਦ ਸਨ |