ਮਾਨਸਾ, 31 ਮਈ (ਰਾਵਿੰਦਰ ਸਿੰਘ ਰਵੀ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਤਾਪ ਘਰ ਬਣਾਂਵਾਲਾ ਵਿਖੇ ਦੇਰ ਸ਼ਾਮ 7 ਵਜੇ ਆਪੇ੍ਰਸ਼ਨ ਸ਼ੀਲਡ ਕਰਵਾਇਆ ਗਿਆ | ਐੱਸ.ਪੀ. ਜਸਕੀਰਤ ਸਿੰਘ ਅਹੀਰ ਤੇ ਐੱਸ.ਡੀ.ਐਮ. ਮਾਨਸਾ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਇਹ ਆਪੇ੍ਰਸ਼ਨ ਸਿਰਫ਼ ਰਿਹਰਸਲ ਵਜੋਂ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਹੰਗਾਮੀ ਸਥਿਤੀ ਵਿਚ ਹਰੇਕ ਨਿਰਦੇਸ਼ ਨੂੰ ਤੁਰੰਤ ਪ੍ਰਭਾਵ ਨਾਲ ਅਮਲ ਵਿਚ ਲਿਆਂਦਾ ਜਾ ਸਕੇ | ਉਨ੍ਹਾਂ ਕਿਹਾ ਕਿ ਚੌਕਸੀ ਅਪਣਾਉਣਾ ਬੇਹੱਦ ਜ਼ਰੂਰੀ ਹੈ ਅਤੇ ਮੌਕ ਡਰਿੱਲ ਦਾ ਮਕਸਦ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੇ ਪ੍ਰਬੰਧ ਮੁਕੰਮਲ ਰਹਿਣ | ਉਨ੍ਹਾਂ ਕਿਹਾ ਕਿ ਇਹ ਮੌਕ ਡਰਿੱਲ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਬਚਾਅ ਕਾਰਜਾਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਐਮਰਜੈਂਸੀ ਸਥਿਤੀ ਵਿਚ ਅਫ਼ਵਾਹਾਂ ਤੋਂ ਬਚਿਆ ਜਾਵੇ ਅਤੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ | ਇਸ ਮੌਕੇ ਡੀ.ਐੱਸ.ਪੀ ਬੂਟਾ ਸਿੰਘ ਗਿੱਲ, ਬਲਵਿੰਦਰ ਸਿੰਘ, ਹੈਪੀ ਜਿੰਦਲ, ਤਹਿਸੀਲਦਾਰ ਅਮਰਜੀਤ ਸਿੰਘ, ਰਵਿੰਦਰ ਠਾਕੁਰ, ਪਲਾਂਟ ਹੈੱਡ ਪੀ.ਐਮ.ਪੀ.ਐਲ. ਨਿਲੇਸ਼, ਸੇਫ਼ਟੀ ਅਫ਼ਸਰ ਟੀ.ਐੱਸ.ਪੀ.ਐਲ. ਸੌਰਵ ਰਾਵਤ ਆਦਿ ਹਾਜ਼ਰ ਸਨ |