ਭੀਖੀ, 31 ਮਈ (ਬਲਕਾਰ ਸਿੰਘ ਸਹੋਤਾ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਵੱਖ-ਵੱਖ ਸਥਾਨਕ ਇਕਾਈਆਂ ਦੇ ਸਫ਼ਾਈ ਕਰਮਚਾਰੀ ਵਲੋਂ ਅਣਮਿਥੇ ਸਮੇਂ ਲਈ ਕੀਤੀ ਹੜਤਾਲ ਸਬੰਧੀ ਨਗਰ ਪੰਚਾਇਤ ਭੀਖੀ ਵਿਖੇ ਯੂਨੀਅਨ ਦੇ ਸੂਬਾਈ ਉਪ ਪ੍ਰਧਾਨ ਸੰਜੀਵ ਰੱਤੀ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਨੇ ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗਾਂ ਨੂੰ ਨਜ਼ਰਅੰਦਾਜ਼ ਹੀ ਨਹੀਂ ਕੀਤਾ ਬਲਕਿ ਉਨ੍ਹਾਂ ਦੇ ਬਣਦੇ ਹੱਕ ਦੇਣ ਤੋਂ ਵੀ ਕੰਨੀ ਕਤਰਾ ਰਹੀ ਹੈ | ਉਨ੍ਹਾਂ ਦੱਸਿਆ ਕਿ 5 ਜੂਨ ਨੂੰ ਬਰੇਟਾ ਵਿਖੇ ਜ਼ਿਲ੍ਹਾ ਪੱਧਰੀ ਰੋਸ ਧਰਨਾ ਲਗਾਇਆ ਜਾਵੇਗਾ ਅਤੇ ਉਨ੍ਹਾਂ ਵੱਧ ਤੋਂ ਵੱਧ ਸਫ਼ਾਈ ਕਰਮਚਾਰੀਆਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਵਾਜ ਕੁਮਾਰ ਨੂਰੀ, ਐਕਸ਼ਨ ਕਮੇਟੀ ਮੈਂਬਰ ਪਵਨ ਕੁਮਾਰ ਟਾਂਕ, ਜ਼ਿਲ੍ਹਾ ਉਪ ਪ੍ਰਧਾਨ ਹਰਬੰਸ ਸਿੰਘ ਤੋਂ ਇਲਾਵਾ ਸਥਾਨਕ ਕਮੇਟੀ ਦੇ ਕਰਮਚਾਰੀ ਸ੍ਰੀ ਚੰਦ, ਬਨੀਆ ਰਾਮ, ਪੂਰਨ ਚੰਦ, ਵਿਨੋਦ ਕੁਮਾਰ, ਮਿਥੁਨ ਕੁਮਾਰ, ਰਵੀ ਕੁਮਾਰ ਆਦਿ ਹਾਜ਼ਰ ਸਨ |