ਮਾਨਸਾ, 31 ਮਈ (ਰਾਵਿੰਦਰ ਸਿੰਘ ਰਵੀ)-ਸਥਾਨਕ ਪੀ.ਆਰ.ਟੀ.ਸੀ. ਬਰਨਾਲਾ ਡਿਪੂ ਦੇ ਇੰਚਾਰਜ ਅਤੇ ਕਲਰਕ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਵਲੋਂ 4 ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਡਿਪੂ ਇੰਚਾਰਜ ਕੇਵਲ ਸਿੰਘ ਅਤੇ ਕਲਰਕ ਕੁਲਦੀਪ ਸਿੰਘ ਬੱਸ ਅੱਡੇ 'ਚ ਮੌਜੂਦ ਸਨ ਤਾਂ 3 ਵਿਅਕਤੀਆਂ ਨੇ ਆ ਕੇ ਦਫ਼ਤਰ ਵਿਚ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਨਾਲ ਕੇਵਲ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਜਦਕਿ ਕੁਲਦੀਪ ਸਿੰਘ ਜ਼ਖ਼ਮੀ ਹੋਣ ਕਾਰਨ ਸਿਵਲ ਹਸਪਤਾਲ ਮਾਨਸਾ 'ਚ ਦਾਖਲ ਕਰਵਾਇਆ ਗਿਆ | ਥਾਣਾ ਮੁਖੀ ਬਲਵੀਰ ਸਿੰਘ ਨੇ ਦੱਸਿਆ ਕਿ ਭਰਾ ਮੰਗਾ ਸਿੰਘ ਤੇ ਫਾਜਲ ਸਿੰਘ ਤੋਂ ਇਲਾਵਾ ਉਨ੍ਹਾਂ ਦੀ ਭੈਣ ਸੋਮਾ ਵਾਸੀ ਮਾਨਸਾ ਅਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |