ਮਾਨਸਾ, 4 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਸਫ਼ਾਈ ਸੇਵਕ ਯੂਨੀਅਨ ਵਲੋਂ ਕੰਮ ਛੱਡੋ ਹੜਤਾਲ ਦੇ 10ਵੇਂ ਦਿਨ ਸਥਾਨਕ ਸ਼ਹਿਰ 'ਚ ਰੋਸ ਰੈਲੀ ਕੱਢ ਕੇ ਸਰਕਾਰ ਦੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ | ਯੂਨੀਅਨ ਦੇ ਸੂਬਾਈ ਆਗੂ ਸੰਜੀਵ ਕੁਮਾਰ ਰੱਤੀ, ਮੁਕੇਸ਼ ਕੁਮਾਰ ਰੱਤੀ, ਪ੍ਰਵੀਨ ਕੁਮਾਰ ਪ੍ਰਧਾਨ ਤੇ ਜਨਰਲ ਸਕੱਤਰ ਮਨੋਜ ਕੁਮਾਰ ਚੌਹਾਨ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਤੇ ਸਬੰਧਿਤ ਵਿਭਾਗ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਤੋਂ ਇਨਕਾਰੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਫ਼ਾਈ ਕਰਮਚਾਰੀਆਂ ਨੂੰ ਲਾਰਿਆਂ 'ਚ ਹੀ ਰੱਖਿਆ ਜਾ ਰਿਹਾ ਹੈ | ਯੂਨੀਅਨ ਨੇ ਐਲਾਨ ਕੀਤਾ ਕਿ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਮੰਗ ਕੀਤੀ ਕਿ ਦਫ਼ਤਰਾਂ 'ਚ ਕੰਮ ਕਰਦੇ 105 ਆਊਟ ਸੋਰਸ ਸਫ਼ਾਈ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਪੱਕੇ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਵਰਦੀਆਂ ਤੇ ਹੋਰ ਸਹੂਲਤਾਂ ਦਿੱਤੀਆਂ ਜਾਣ | ਬੁਲਾਰਿਆਂ ਨੇ ਦੱਸਿਆ ਕਿ 5 ਜੂਨ ਨੂੰ ਬਰੇਟਾ ਸ਼ਹਿਰ 'ਚ ਜ਼ਿਲ੍ਹਾ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ | ਇਸ ਮੌਕੇ ਪ੍ਰਵੀਨ ਕੁਮਾਰ, ਮਨੋਜ ਕੁਮਾਰ, ਵਿਨੋਦ ਕੁਮਾਰ ਚੇਤਨ, ਸੁਖਦੇਵ ਮਲਿਕ, ਰਾਜ ਕੁਮਾਰ, ਵਿਜੈ ਕੁਮਾਰ, ਪਵਨ ਕੁਮਾਰ ਟਾਂਕ, ਲਾਲ ਚੰਦ, ਗੁਰਦੇਵ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ |
ਕੂੜੇ ਦੇ ਲੱਗੇ ਢੇਰਾਂ ਤੋਂ ਸ਼ਹਿਰੀ ਪ੍ਰੇਸ਼ਾਨ
ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ 'ਚ ਥਾਂ ਥਾਂ 'ਤੇ ਗੰਦਗੀ ਦੇ ਵੱਡੇ ਢੇਰ ਲੱਗ ਗਏ ਹਨ | ਕਿਸੇ ਵੀ ਗਲੀ ਮੁਹੱਲੇ ਦਾ ਅਜਿਹਾ ਮੋੜ ਨਹੀਂ ਜਿੱਥੇ ਕੂੜੇ ਦੇ ਢੇਰ ਨਾ ਪਏ ਹੋਣ | ਕਚਹਿਰੀ ਰੋਡ ਤੇ ਮੁੱਖ ਬਾਜ਼ਾਰ 'ਚ ਤਾਂ ਸਥਿਤੀ ਬਦਤਰ ਹੈ ਕਿਉਂਕਿ ਕੁਝ ਥਾਵਾਂ 'ਤੇ ਕੂੜਾ ਸੜਕ ਦੇ ਵਿਚਕਾਰ ਤੱਕ ਪਿਆ ਹੈ ਅਤੇ ਆਵਾਰਾ ਪਸ਼ੂ ਮੂੰਹ ਮਾਰ ਰਹੇ ਹਨ | ਇਨ੍ਹਾਂ ਥਾਵਾਂ ਤੋਂ ਰਾਹਗੀਰਾਂ ਨੂੰ ਲੰਘਣ 'ਚ ਮੁਸ਼ਕਲ ਪੇਸ਼ ਆ ਰਹੀ ਹੈ | ਲੋਕਾਂ ਦੀ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਹੈ ਕਿ ਸਫ਼ਾਈ ਕਾਮਿਆਂ ਦੀਆਂ ਜਾਇਜ਼ ਮੰਗਾਂ ਮੰਨ ਕੇ ਹੜਤਾਲ ਖ਼ਤਮ ਕਰਵਾਈ ਜਾਵੇ ਤਾਂ ਜੋ ਆਲਾ-ਦੁਆਲਾ ਸਾਫ਼ ਰੱਖਿਆ ਜਾ ਸਕੇ | ਉਨ੍ਹਾਂ ਕਿਹਾ ਕਿ ਮੰਗਾਂ ਮੰਨਣ ਤੱਕ ਬਦਲਵਾਂ ਪ੍ਰਬੰਧ ਕਰਕੇ ਕੂੜੇ ਦੇ ਢੇਰ ਚੁਕਵਾਏ ਜਾਣ |
ਸਫ਼ਾਈ ਸੇਵਕਾਂ ਨੇ ਮਾਨਸਾ ਸ਼ਹਿਰ 'ਚ ਰੈਲੀ ਕੱਢ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ
ਮਾਨਸਾ ਸ਼ਹਿਰ 'ਚ ਰੋਸ ਰੈਲੀ ਕੱਢਣ ਮੌਕੇ ਸਫ਼ਾਈ ਕਰਮਚਾਰੀ (ਸੱਜੇ) ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸੜਕ 'ਤੇ ਖਿੱਲਰਿਆ ਕੂੜਾ-ਕਰਕਟ | ਤਸਵੀਰਾਂ : ਸੇਮੀ ਮਾਨਸਾ <br/>
05-06-2025