ਮਾਨਸਾ, 4 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਸਪਸ਼ਟ ਕਿਹਾ ਹੈ ਕਿ ਫੂਡ ਸੇਫ਼ਟੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇੱਥੇ ਕਰਿਆਨਾ, ਹਲਵਾਈ, ਦੋਧੀ ਅਤੇ ਬੇਕਰੀ ਨਾਲ ਸਬੰਧਿਤ ਕਾਰੋਬਾਰ ਕਰਨ ਵਾਲਿਆਂ ਲਈ ਲਗਾਏ ਜਾਗਰੂਕਤਾ ਕੈਂਪ ਮੌਕੇ ਉਨ੍ਹਾਂ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤਾਂ ਲੋਕਾਂ ਨੂੰ ਸ਼ੁੱਧ ਮਿਲਣੀਆਂ ਜ਼ਰੂਰੀ ਹਨ | ਉਨ੍ਹਾਂ ਹਾਜ਼ਰ ਫੂਡ ਬਿਜ਼ਨਸ ਆਪੇ੍ਰਟਰਾਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਦੀ ਸਾਫ਼-ਸਫ਼ਾਈ, ਅਦਾਰਿਆਂ ਦੇ ਲਾਇਸੰਸ/ਰਜਿਸਟ੍ਰੇਸ਼ਨ, ਕੰਮ ਕਰ ਰਹੇ ਮੁਲਾਜ਼ਮਾਂ ਦੇ ਮੈਡੀਕਲ ਕਰਵਾਉਣ ਸਬੰਧੀ ਹਦਾਇਤ ਜਾਰੀ ਕੀਤੀ | ਅਧਿਕਾਰੀ ਨੇ ਆਖਿਆ ਕਿ ਖਾਣਾ ਬਣਾਉਣ ਵਾਲੀ ਜਗ੍ਹਾ ਨੂੰ ਤੰਬਾਕੂ ਰਹਿਤ ਕੀਤਾ ਜਾਵੇ | ਫੂਡ ਸੇਫ਼ਟੀ ਅਫ਼ਸਰ ਅਮਰਿੰਦਰ ਪਾਲ ਸਿੰਘ ਨੇ ਨੁਮਾਇੰਦਿਆਂ ਨੂੰ ਕਿਹਾ ਕਿ ਕੋਈ ਵੀ ਆਪਣੇ ਘਰ ਬੈਠੇ ਹੀ ਆਨਲਾਈਨ ਪੋਰਟਲ 'ਤੇ ਲਾਇਸੈਂਸ/ਰਜਿਸਟ੍ਰੇਸ਼ਨ ਅਪਲਾਈ ਕਰ ਸਕਦੇ ਹਨ |