ਬੁਢਲਾਡਾ, 4 ਜੂਨ (ਸਵਰਨ ਸਿੰਘ ਰਾਹੀ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬੁਢਲਾਡਾ ਵਲੋਂ ਐਸੋਸੀਏਸ਼ਨ ਦੀ 28ਵੀਂ ਵਰੇ੍ਹਗੰਢ ਧੂਮ-ਧਾਮ ਨਾਲ ਮਨਾਈ ਗਈ | ਬਲਾਕ ਪ੍ਰਧਾਨ ਗੁਰਜੀਤ ਸਿੰਘ ਬਰ੍ਹੇ ਦੀ ਅਗਵਾਈ ਹੇਠਲੇ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਐਸੋਸੀਏਸ਼ਨ ਦੇ ਮੈਂਬਰ ਪਿੰਡਾਂ/ਸ਼ਹਿਰਾਂ 'ਚ ਸਾਫ਼ ਸੁਥਰੀ ਪ੍ਰੈਕਟਿਸ ਸਦਕਾ ਲੋਕਾਂ 'ਚ ਹਰਮਨ ਪਿਆਰੇ ਹਨ, ਪਿੰਡਾਂ ਦੀਆਂ ਕਲੀਨਿਕਾਂ ਹੀ ਲੋਕਾਂ ਲਈ ਸਭ ਤੋਂ ਨੇੜਲੀ ਅਤੇ ਜ਼ਰੂਰੀ ਡਾਕਟਰੀ ਸਹਾਇਤਾ ਪ੍ਰਦਾਨ ਕਰਨ 'ਚ ਸਹੀ ਸਾਬਤ ਹੋ ਰਹੀਆਂ ਹਨ, ਜਿਸ ਕਰ ਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਚੋਣਾਂ ਤੋਂ ਪਹਿਲੇ ਕੀਤੇ ਆਪਣੇ ਵਾਅਦੇ ਮੁਤਾਬਿਕ ਸਮੂਹ ਬਾਹਰਲੇ ਰਾਜਾਂ ਤੋਂ ਡਿਗਰੀ ਪ੍ਰਾਪਤ ਆਰ.ਐਮ.ਪੀ. ਡਾਕਟਰਾਂ ਨੂੰ ਪੰਜਾਬ 'ਚ ਰਜਿਸਟਰਡ ਕਰ ਕੇ ਬਕਾਇਦਾ ਰੂਪ ਵਿਚ ਪ੍ਰੈਕਟਿਸ ਕਰਨ ਦੇ ਅਧਿਕਾਰ ਦੇਵੇ | ਡਾ. ਸੁਨੀਲ ਬਾਂਸਲ ਐਮ.ਡੀ. (ਮੈਡੀਸਨ) ਮਾਨਸਾ ਨੇ ਮੌਸਮੀ ਬਿਮਾਰੀਆਂ ਦੀ ਰੋਕਥਾਮ ਸਬੰਧੀ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਚੇਅਰਮੈਨ ਰਮਜ਼ਾਨ ਖਾਨ, ਨਾਇਬ ਸਿੰਘ ਅਹਿਮਦਪੁਰ, ਤੇਜਾ ਸਿੰਘ, ਮੇਜਰ ਸਿੰਘ ਗੋਬਿੰਦਪੁਰਾ, ਸਿਸ਼ਨ ਗੋਇਲ, ਜਗਤਾਰ ਸਿੰਘ, ਪ੍ਰੇਮ ਸਾਗਰ, ਗਮਦੂਰ ਸਿੰਘ ਰੱਲੀ ਆਦਿ ਹਾਜ਼ਰ ਸਨ |