ਬਰੇਟਾ, 1 ਸਤੰਬਰ (ਜੀਵਨ ਸ਼ਰਮਾ)- ਪਿੰਡ ਬਹਾਦਰਪੁਰ ਦੀ ਸੈਂਕੜੇ ਏਕੜ ਫ਼ਸਲ ਜੋ ਕਿ ਬਰੇਟਾ ਡਰੇਨ ਦੇ ਪਾਣੀ ਦੀ ਲਪੇਟ ਵਿਚ ਆ ਗਈ ਹੈ | ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਫ਼ਸਲ ਦਾ ਨੁਕਸਾਨ ਵੱਡੇ ਪੱਧਰ 'ਤੇ ਹੋਣ ਦੀ ਸੰਭਾਵਨਾ ਹੈ | ਕਿਸਾਨ ਆਗੂ ਚਰਨਜੀਤ ਸਿੰਘ ਬਹਾਦਰਪੁਰ ਨੇ ਦੱਸਿਆ ਕਿ ਡਰੇਨ ਦੇ ਮਾੜੇ ਪ੍ਰਬੰਧਾਂ ਨੇ ਪਿੰਡ ਦੀ ਸੈਂਕੜੇ ਏਕੜ ਫ਼ਸਲ ਬਰਬਾਦ ਕਰ ਕੇ ਰੱਖ ਦਿੱਤੀ ਹੈ | ਜੇਕਰ ਡਰੇਨ ਦੀ ਸਫ਼ਾਈ ਸਹੀ ਤਰੀਕੇ ਨਾਲ ਹੋਈ ਹੁੰਦੀ ਅਤੇ ਬੰਨ੍ਹ ਦੇ ਕਿਨਾਰੇ ਸਹੀ ਕੀਤੇ ਹੁੰਦੇ ਤਾਂ ਫ਼ਸਲ ਨੂੰ ਬਚਾਇਆ ਜਾ ਸਕਦਾ ਸੀ | ਉਨ੍ਹਾਂ ਦੱਸਿਆ ਕਿ ਕਿਸਾਨ ਪਾਣੀ ਕੱਢਣ ਦੇ ਹਰ ਸੰਭਵ ਯਤਨ ਕਰ ਰਹੇ ਹਨ ਪਰ ਨਿਕਾਸੀ ਨਹੀਂ ਹੋ ਰਹੀ ਕਿਉਂਕਿ ਅਜੇ ਬਰੇਟਾ ਡਰੇਨ ਵਿਚ ਪਾਣੀ ਵੱਡੇ ਪੱਧਰ 'ਤੇ ਚੱਲ ਰਿਹਾ ਹੈ |
ਜਲਵੇੜਾ 'ਚ ਲਿਆ ਜਾ ਰਿਹਾ ਹੈ ਕਿਸ਼ਤੀਆਂ ਦਾ ਸਹਾਰਾ
-ਪਿੰਡ ਜਲਵੇੜਾ ਵਿਖੇ ਜਿੱਥੇ ਬਰੇਟਾ ਡਰੇਨ ਨੇ ਟੁੱਟ ਕੇ ਕਰੀਬ ਸੈਂਕੜੇ ਏਕੜ ਫ਼ਸਲ ਦਾ ਨੁਕਸਾਨ ਕੀਤਾ ਹੈ ਅਤੇ ਪਾਣੀ ਨੇ ਪਿੰਡ ਨੂੰ ਲਪੇਟ 'ਚ ਲਿਆ ਹੋਇਆ ਹੈ, ਲੋਕ ਆਉਣ-ਜਾਣ ਲਈ ਕਿਸ਼ਤੀਆਂ ਦਾ ਸਹਾਰਾ ਲੈ ਰਹੇ ਹਨ | ਸਾਬਕਾ ਸਰਪੰਚ ਸਤਗੁਰ ਸਿੰਘ ਨੇ ਦੱਸਿਆ ਕਿ 1-2 ਦਿਨਾਂ 'ਚ ਜੇਕਰ ਬਾਰਸ਼ਾਂ ਨਾ ਪਈਆਂ ਤਾਂ ਪਿੰਡ ਦੀ ਸਥਿਤੀ 'ਚ ਸੁਧਾਰ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਲੋਕਾਂ ਦਾ ਬਾਹਰ ਨਿਕਲਣਾ ਔਖਾ ਹੋ ਗਿਆ ਹੈ ਕਿਉਂਕਿ ਹਰ ਪਾਸੇ ਪਾਣੀ ਹੀ ਪਾਣੀ ਵਿਖਾਈ ਦਿੰਦਾ ਹੈ | ਉਨ੍ਹਾਂ ਦੱਸਿਆ ਕਿ ਜੇਕਰ ਪਾਣੀ ਖੜਿ੍ਹਆ ਰਿਹਾ ਤਾਂ ਲੋਕ ਆਉਣ ਵਾਲੇ ਦਿਨਾਂ 'ਚ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ |
ਪਿੰਡ ਬਹਾਦਰਪੁਰ ਦੀ ਸੈਂਕੜੇ ਏਕੜ ਫ਼ਸਲ 'ਚ ਫੈਲਿਆ ਬਰੇਟਾ ਡਰੇਨ ਦਾ ਪਾਣੀ
ਅਜੀਤ ਡੈਸਕ
02-09-2025