ਸੀਂਗੋ ਮੰਡੀ, 2 ਸਤੰਬਰ (ਪਿ੍ੰਸ ਗਰਗ)-ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਸੀਂਗੋ ਵਿਖੇ ਮੁਫਤ ਸਿਹਤ ਜਾਂਚ ਕੈਂਪ ਦੇ ਨਾਲ ਨਾਲ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਲੋਕ ਭਲਾਈ ਦੇ ਕੀਤੇ ਜਾ ਰਹੇ ਕੰਮਾਂ ਕਾਰਣ ਸਕੂਲ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ | ਸਕੂਲ ਪ੍ਰਬੰਧਕਾਂ ਵਲੋਂ ਮੁਹੱਈਆ ਜਾਣਕਾਰੀ ਅਨੁਸਾਰ ਮੁਫ਼ਤ ਸਿਹਤ ਜਾਂਚ ਕੈਂਪ ਦੌਰਾਨ ਚਮੜੀ ਦੇ ਰੋਗਾਂ ਅਤੇ ਜਨਰਲ ਮੈਡੀਸਨ ਦੇ ਮਾਹਿਰ ਡਾਕਟਰਾਂ ਨੇ ਲੋਕਾਂ ਦੀ ਮੁਫ਼ਤ ਸਿਹਤ ਜਾਂਚ ਕੀਤੀ ਜਦੋਂਕਿ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਸੈਂਟਰ ਬਠਿੰਡਾ ਦੇ ਸਹਿਯੋਗ ਨਾਲ ਇਕ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿੱਥੇ ਕਰੀਬ 40 ਯੂਨਿਟਾਂ ਖੂਨ ਇਕੱਤਰ ਹੋਇਆ | ਉਕਤ ਕੈਂਪ ਦੌਰਾਨ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਵੀ ਸ਼ਮੂਲੀਅਤ ਕੀਤੀ | ਸਕੂਲ ਚੇਅਰਪਰਸਨ ਰਮਿੰਦਰਪਾਲ ਕੌਰ ਨੇ ਸਾਬਕਾ ਵਿਧਾਇਕ ਸਿੱਧੂ ਸਮੇਤ ਪੁੱਜੀਆਂ ਹੋਰਨਾਂ ਸਖਸ਼ੀਅਤਾਂ ਨੂੰ ਜੀ ਆਇਆਂ ਆਖਿਆ | ਸਿੱਧੂ ਨੇ ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ ਕਿਉਂਕਿ ਤੁਹਾਡੇ ਵਲੋਂ ਦਿੱਤੀ ਖੁੂਨ ਦੀ ਇਕ ਬੂੰਦ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ | ਸਕੂਲ ਪ੍ਰਬੰਧਕਾਂ ਵਲੋਂ ਕਲੱਬ ਦੀ ਸਹਾਇਤਾ ਨਾਲ ਸਾਬਕਾ ਵਿਧਾਇਕ ਦਾ ਸਨਮਾਨ ਵੀ ਕੀਤਾ ਗਿਆ | ਉਕਤ ਕੈਂਪ ਦੌਰਾਨ ਪੁੱਜੇ ਮੋਹਤਬਰਾਂ ਵਿਚ ਡਾ: ਮਲਕੀਤ ਸਿੰਘ ਮਿਰਜ਼ੇਆਣਾ ਚੇਅਰਮੈਨ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ, ਜਗਤਾਰ ਸਿੰਘ, ਡੂੰਗਰ ਸਿੰਘ ਸੀਂਗੋ, ਗੁਰਾਂਦਿੱਤਾ ਸਿੰਘ ਸੀਂਗੋ, ਹੈਪੀ ਬਹਿਮਣ, ਮੇਜਰ ਸਿੰਘ ਮਾਨ ਸਕੱਤਰ ਇੰਟਕ ਆਦਿ ਸ਼ਾਮਿਲ ਰਹੇ |