ਮਾਨਸਾ, 2 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਸਿਹਤ ਵਿਭਾਗ ਵਲੋਂ 8 ਸਤੰਬਰ ਤੱਕ ਅੱਖਾਂ ਦਾਨ ਪੰਦ੍ਹਰਵਾੜਾ ਮਨਾਇਆ ਜਾ ਰਿਹਾ ਹੈ | ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਕੋਰਨੀਅਲ ਅੰਨ੍ਹਾਪਣ, ਕੋਰਨੀਅਲ ਟਰਾਂਸਪਲਾਂਟ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਅੱਖਾਂ ਦਾਨ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ | ਇਸ ਲੜੀ ਦੇ ਤਹਿਤ ਜ਼ਿਲ੍ਹਾ ਸਿਵਲ ਹਸਪਤਾਲ ਮਾਨਸਾ ਵਿਖੇ ਮਰੀਜ਼ਾਂ ਨੂੰ ਓ.ਪੀ.ਡੀ. ਅਤੇ ਅੱਖਾਂ ਦੀ ਓ.ਪੀ.ਡੀ. ਵਿਖੇ ਡਾ. ਪੱਲਵੀ ਮੈਨਣ ਅੱਖ ਰੋਗਾਂ ਦੇ ਮਾਹਿਰ ਵਲੋਂ ਜਾਗਰੂਕ ਕੀਤਾ ਗਿਆ | ਉਪ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਅੱਖਾਂ ਦਾਨ ਮੌਤ ਤੋਂ 4 ਤੋਂ 6 ਘੰਟੇ ਦੇ ਵਿਚ ਹੀ ਹੋਣੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ ਕਿ ਅੱਖਾਂ ਦਾਨ ਕਰਨ ਲਈ ਨੇੜੇ ਦੇ ਸਰਕਾਰੀ ਹਸਪਤਾਲ ਤੋਂ ਜਾਂ ਅੱਖ ਬੈਂਕ ਤੋਂ ਅਤੇ ਸਮੂਹ ਸਰਕਾਰੀ ਹਸਪਤਾਲਾਂ, ਸਰਕਾਰੀ ਮੈਡੀਕਲ ਕਾਲਜਾਂ ਵਿਚ ਵੀ ਇਸ ਸਬੰਧੀ ਫਾਰਮ ਮੌਜੂਦ ਹਨ |