ਮਾਨਸਾ, 4 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)- ਮਾਨਸਾ ਜ਼ਿਲੇ੍ਹ 'ਚ ਅੱਜ ਸਵੇਰੇ ਕਈ ਘੰਟੇ ਪਈ ਭਰਵੀਂ ਬਾਰਸ਼ ਨੇ ਸ਼ਹਿਰਾਂ/ਪਿੰਡਾਂ ਨੂੰ ਜਲ ਥਲ ਕਰ ਦਿੱਤਾ ਹੈ | ਕੋਈ ਅਜਿਹਾ ਗਲੀ, ਮੁਹੱਲਾ ਨਹੀਂ ਰਿਹਾ ਜਿੱਥੇ ਮੀਂਹ ਦਾ ਪਾਣੀ ਨਾ ਭਰਿਆ ਹੋਵੇ | ਲਗਪਗ ਸਾਰੇ ਪਿੰਡਾਂ ਦੀਆਂ ਫ਼ਸਲਾਂ 'ਚ ਵੀ ਪਾਣੀ ਖੜ੍ਹ ਗਿਆ ਹੈ | ਪਿਛਲੇ ਦਿਨਾਂ ਤੋਂ ਬਾਰਸ਼ ਦੀ ਮਾਰ ਝੱਲ ਰਹੇ ਕਈ ਇਲਾਕਿਆਂ 'ਚ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ | ਮਾਨਸਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਹਰ ਪਾਸੇ ਕਈ-ਕਈ ਫੁੱਟ ਪਾਣੀ ਖੜ੍ਹ ਗਿਆ ਅਤੇ ਇਕ ਵਾਰ ਸਥਿਤੀ ਜਾਮ ਵਰਗੀ ਹੋ ਗਈ | ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ ਅਤੇ ਸਰਕਾਰੀ ਅਦਾਰਿਆਂ 'ਚ ਚਹਿਲ-ਪਹਿਲ ਵੀ ਘੱਟ ਹੀ ਸੀ | ਬਾਜ਼ਾਰਾਂ ਤੋਂ ਇਲਾਵਾ ਸਰਕਾਰੀ ਦਫ਼ਤਰਾਂ, ਅੰਡਰ ਬਿ੍ਜ, ਬੱਸ ਅੱਡਾ ਚੌਂਕ, ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਵਾਲਾ ਇਲਾਕਾ ਪਾਣੀ ਪਾਣੀ ਦੀ ਲਪੇਟ 'ਚ ਇਸ ਕਦਰ ਆ ਗਿਆ ਕਿ ਕਿਸੇ ਪਾਸੇ ਕੋਈ ਵੀ ਰਸਤਾ ਆਉਣ ਜਾਣ ਲਈ ਨਹੀਂ ਬਚਿਆ | ਕਾਫ਼ੀ ਝੁੱਗੀ ਝੌਂਪੜੀਆਂ ਮੀਂਹ ਦੇ ਪਾਣੀ ਵਿਚ ਰੁੜ੍ਹ ਗਈਆਂ ਅਤੇ ਕਾਫ਼ੀ ਥਾਵਾਂ 'ਤੇ ਮਕਾਨਾਂ ਵਿਚ ਤਰੇੜਾਂ ਵੀ ਆ ਗਈਆਂ | ਅੰਡਰ ਬਿ੍ਜ ਦੀ ਕੰਧ ਵੀ ਡਿੱਗ ਪਈ ਅਤੇ ਇਹ ਪੁਲ ਨੱਕੋਂ ਨੱਕ ਪਾਣੀ ਨਾਲ ਭਰ ਗਿਆ, ਜਿਸ ਕਰ ਕੇ ਰੇਲਵੇ ਲਾਈਨ ਨੂੰ ਵੀ ਖ਼ਤਰਾ ਖੜ੍ਹਾ ਹੋ ਗਿਆ | ਬਿਜਲੀ ਦਫ਼ਤਰ ਵਿਚ ਵੀ ਪਾਣੀ ਭਰਨ ਨਾਲ ਦਫ਼ਤਰੀ ਰਿਕਾਰਡ ਸੜਕ 'ਤੇ ਆ ਗਿਆ ਅਤੇ ਮੁਲਾਜਮ ਵੀ ਛੁੱਟੀ ਕਰ ਕੇ ਘਰਾਂ ਨੂੰ ਚਲੇ ਗਏ | ਜ਼ਿਲ੍ਹਾ ਅਦਾਲਤੀ ਕੰਪਲੈਕਸ ਦੀ ਬੈਕ ਸਾਈਡ 33 ਫੁੱਟ ਰੋਡ 'ਤੇ ਦਰਖ਼ਤ ਡਿੱਗਣ ਨਾਲ ਜਿੱਥੇ ਕੰਧ ਡਿੱਗ ਪਈ ਉੱਥੇ ਕਈ ਬਿਜਲੀ ਦੇ ਖੰਭੇ ਵੀ ਟੁੱਟ ਗਏ, ਜਿਸ ਕਾਰਨ ਕੁਝ ਸਮਾਂ ਆਵਾਜਾਈ ਪ੍ਰਭਾਵਿਤ ਹੋ ਗਈ | ਮੁਹੱਲਾ ਵੀਰ ਨਗਰ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਿਆ, ਜਿਸ ਦੇ ਰੋਸ 'ਚ ਮੁਹੱਲੇ ਦੇ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਗਊਸ਼ਾਲਾ ਰੋਡ 'ਤੇ ਮੁਹੱਲੇ ਵਿਚ ਪਾਣੀ ਆਉਣ ਤੋਂ ਰੋਕਣ ਲਈ ਵੱਡਾ ਬੰਨ੍ਹ ਲਗਾ ਦਿੱਤਾ | ਲੋਕਾਂ ਨੇ ਕਿਹਾ ਕਿ ਇਹ ਬੰਨ੍ਹ ਹੁਣ ਨਹੀਂ ਖੁੱਲ੍ਹੇਗਾ ਕਿਉਂਕਿ ਪ੍ਰਸ਼ਾਸਨ ਪਿਛਲੇ ਸਮੇਂ ਤੋਂ ਉਨ੍ਹਾਂ ਦੀ ਸਮੱਸਿਆ ਪ੍ਰਤੀ ਗੰਭੀਰ ਨਹੀਂ ਜਦਕਿ ਮੁਹੱਲਾ ਵਾਸੀ ਸੀਵਰੇਜ ਦੇ ਗੰਦੇ ਪਾਣੀ ਕਰ ਕੇ ਨਰਕ ਭਰੀ ਜ਼ਿੰਦਗੀ ਜਿਉਂ ਰਹੇ ਹਨ | ਦੱਸਣਯੋਗ ਹੈ ਕਿ ਮੀਂਹ ਦਾ ਪਾਣੀ ਸ਼ਹਿਰ ਦੀਆਂ ਕਾਫ਼ੀ ਦੁਕਾਨਾਂ ਵਿਚ ਵੀ ਦਾਖਲ ਹੋ ਗਿਆ, ਜਿਸ ਨਾਲ ਦੁਕਾਨਦਾਰਾਂ ਦਾ ਸਮਾਨ ਵੀ ਪ੍ਰਭਾਵਿਤ ਹੋਇਆ ਹੈ | ਵਾਰਡ ਨੰ: 3, 4, 7, 8 ਵਿਚ ਵੀ ਬਾਰਸ਼ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ, ਜਿਸ ਕਰ ਕੇ ਕਈ ਘਰਾਂ 'ਚ ਚੁੱਲ੍ਹੇ ਵੀ ਨਹੀਂ ਤਪੇ | ਬਿਜਲੀ ਸੇਵਾ ਵੀ ਪ੍ਰਭਾਵਿਤ ਹੁੰਦੀ ਰਹੀ ਅਤੇ ਕਈ ਥਾਵਾਂ ਤੇ ਬਿਜਲੀ ਦੇ ਖੰਭੇ ਟੁੱਟਣ ਨਾਲ ਬਿਜਲੀ ਸੇਵਾ ਠੱਪ ਹੋ ਗਈ | ਬੱਸ ਅੱਡਾ ਚੌਂਕ ਅਤੇ ਤਿੰਨਕੋਨੀ ਨਜ਼ਦੀਕ ਭਰੇ ਪਾਣੀ ਕਾਰਨ ਦੋਪਹੀਆ ਵਾਹਨਾਂ ਤੋਂ ਇਲਾਵਾ ਛੋਟੀਆਂ ਕਾਰਾਂ ਵੀ ਬੰਦ ਹੁੰਦੀਆਂ ਵੇਖੀਆਂ ਗਈਆਂ | ਜ਼ਿਕਰਯੋਗ ਗੱਲ ਇਹ ਵੀ ਹੈ ਕਿ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਤਿੰਨਕੋਨੀ ਨਜ਼ਦੀਕ ਹੈ ਜਦਕਿ ਰਿਹਾਇਸ਼ੀ ਕੰਪਲੈਕਸ 'ਚ ਪਾਣੀ ਨੂੰ ਰੋਕਣ ਲਈ ਮੁੱਖ ਗੇਟ ਅੱਗੇ ਮਿੱਟੀ ਦੀਆਂ ਬੋਰੀਆਂ ਦਾ ਬੰਨ੍ਹ ਲਗਾਇਆ ਹੋਇਆ ਹੈ |
ਧਾਰਮਿਕ ਸੰਸਥਾਵਾਂ ਲੋੜਵੰਦਾਂ ਦੀ ਮਦਦ ਲਈ ਅੱਗੇ ਆਈਆਂ
ਮਾਨਸਾ ਸ਼ਹਿਰ ਦੇ ਬਹੁਤੇ ਹਿੱਸਿਆਂ 'ਚ ਵੱਡੀ ਮਾਤਰਾ 'ਚ ਪਾਣੀ ਭਰਨ ਕਰ ਕੇ ਬਹੁਤੇ ਗ਼ਰੀਬ ਲੋਕਾਂ ਦੇ ਘਰ ਅੱਜ ਚੁੱਲੇ੍ਹ ਨਹੀਂ ਬਲੇ | ਉਨ੍ਹਾਂ ਦੀ ਸਹਾਇਤਾ ਲਈ ਕਈ ਧਾਰਮਿਕ ਸੰਸਥਾਵਾਂ ਅੱਗੇ ਆਈਆਂ ਹਨ | ਸ੍ਰੀ ਹਰ ਹਰ ਮਹਾਂਦੇਵ ਸੇਵਾ ਮੰਡਲ, ਬੁੱਢਾ ਦਲ ਗੁਰਦੁਆਰਾ ਸਾਹਿਬ ਮਾਨਸਾ ਖ਼ੁਰਦ ਤੇ ਹੋਰਨਾਂ ਵਲੋਂ ਫਾਟਕ ਨੇੜੇ ਲੰਗਰ ਤਿਆਰ ਕਰ ਕੇ ਲਿਆਂਦਾ ਗਿਆ ਅਤੇ ਪ੍ਰਭਾਵਿਤ ਲੋਕ ਇੱਥੋਂ ਪਰਿਵਾਰਾਂ ਲਈ ਖਾਣਾ ਲੈ ਕੇ ਗਏ | ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਸੰਵਿਧਾਨ ਬਚਾਓ ਫ਼ਰੰਟ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਇਹ ਸੇਵਾ ਅਗਲੇ ਦਿਨਾਂ 'ਚ ਵੀ ਜਾਰੀ ਰਹੇਗੀ | ਉਨ੍ਹਾਂ ਦੱਸਿਆ ਕਿ ਜ਼ਰੂਰਤਮੰਦ ਲੋਕ ਸ਼ਾਮ 5 ਤੋਂ 7 ਵਜੇ ਤੱਕ ਰੇਲਵੇ ਫਾਟਕ ਮਾਨਸਾ ਕੋਲ ਲੰਗਰ ਲੈ ਸਕਦੇ ਹਨ | ਇਸ ਮੌਕੇ ਗਿਆਨ ਚੰਦ, ਅਰੁਣ ਬਿੱਟੂ, ਰਾਜਬੀਰ ਸਿੰਘ ਮਾਨਸ਼ਾਹੀਆ, ਵਿਵੇਕ ਕੁਮਾਰ, ਇੰਦਰ ਸੈਨ, ਰਘਬੀਰ ਸਿੰਘ ਆਦਿ ਹਾਜ਼ਰ ਸਨ |
ਜ਼ਿਲੇ੍ਹ 'ਚ ਭਰਵੇਂ ਮੀਂਹ ਨੇ ਲੋਕਾਂ ਦੇ ਕਰਵਾਏ ਹੱਥ ਖੜ੍ਹੇ, ਸ਼ਹਿਰ/ਪਿੰਡ ਹੋਏ ਜਲ-ਥਲ
ਅਜੀਤ ਡੈਸਕ
05-09-2025