ਮਾਨਸਾ, 4 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਭਾਰੀ ਬਰਸਾਤਾਂ ਕਾਰਨ ਬਣੇ ਹੜ੍ਹਾਂ ਵਰਗੇ ਹਾਲਾਤਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਜ਼ਰੂਰੀ ਵਸਤਾਂ/ਚੀਜ਼ਾਂ ਦੀ ਜਮ੍ਹਾਖ਼ੋਰੀ ਉੱਪਰ ਸਖ਼ਤ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਦੱਸਿਆ ਕਿ ਧਿਆਨ 'ਚ ਆਇਆ ਹੈ ਕਿ ਕੁੁਝ ਲੋਕ ਜ਼ਰੂਰੀ ਚੀਜ਼ਾਂ ਜਿਵੇਂ ਕਿ ਖਾਣ-ਪੀਣ ਦੀਆਂ ਵਸਤਾਂ, ਪੈਟਰੋਲ-ਡੀਜ਼ਲ, ਚਾਰਾ, ਅਨਾਜ, ਡੇਅਰੀ ਉਤਪਾਦ ਅਤੇ ਹੋਰ ਰੋਜ਼ਾਨਾ ਦੀਆਂ ਲੋੜਾਂ ਦੀਆਂ ਵਸਤੂਆਂ ਦੀ ਜਮ੍ਹਾਖ਼ੋਰੀ ਕਰ ਰਹੇ ਹਨ ਅਤੇ ਕੀਮਤਾਂ ਵਿਚ ਵਾਧਾ ਕਰ ਕੇ ਵੇਚ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਨਾਲ ਆਮ ਲੋਕ, ਖਾਸ ਕਰਕੇ ਸਮਾਜ ਦਾ ਕਮਜ਼ੋਰ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ | ਉਨ੍ਹਾਂ ਹਦਾਇਤ ਕੀਤੀ ਕਿ ਇਸ ਤਰ੍ਹਾਂ ਨਾਲ ਵਸਤਾਂ ਦੀ ਜਮ੍ਹਾਖ਼ੋਰੀ ਅਤੇ ਕੀਮਤਾਂ ਵਿਚ ਵਾਧਾ ਕਰਨ ਵਾਲੇ ਵਿਅਕਤੀ, ਵਪਾਰੀ ਜਾਂ ਫ਼ਰਮ ਖ਼ਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਲਾ ਬਾਜ਼ਾਰੀ ਜਾਂ ਕੀਮਤ 'ਚ ਵਾਧੇ ਦੇ ਕਿਸੇ ਵੀ ਮਾਮਲੇ ਦੀ ਸੂਚਨਾ ਸਬੰਧਿਤ ਅਧਿਕਾਰੀਆਂ ਨੂੰ ਦੇ ਸਕਦੇ ਹਨ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਰੂਰੀ ਵਸਤਾਂ, ਪੈਟਰੋਲ, ਡੀਜ਼ਲ ਆਦਿ ਸਬੰਧੀ ਸ਼ਿਕਾਇਤ ਸਬੰਧੀ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰ ਦੇ ਇੰਸਪੈਕਟਰ ਸਪਲਾਈ ਜਰਨੈਲ ਸਿੰਘ ਨਾਲ 81465-45767, ਇੰਸਪੈਕਟਰ ਵੰਡ ਸੰਦੀਪ ਸਿੰਘ ਨਾਲ 81467-00706 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਇਸੇ ਤਰ੍ਹਾਂ ਪਸ਼ੂਆਂ ਸਬੰਧੀ ਸਮੱਸਿਆ ਦੀ ਸ਼ਿਕਾਇਤ ਕਰਨ ਲਈ ਪਸ਼ੂ ਪਾਲਣ ਵਿਭਾਗ (ਵੈਟਰਨਰੀ ਅਤੇ ਚਾਰੇ ਸਬੰਧੀ ਸੇਵਾਵਾਂ ਲਈ) ਡਾ. ਕਮਲ ਗੁਪਤਾ 78372-18835 ਅਤੇ ਡਾ. ਦੁਸ਼ਯੰਤ ਪ੍ਰੀਤ ਨਾਲ 98725-72448, ਸਬਜ਼ੀਆਂ ਅਤੇ ਫਲਾਂ ਆਦਿ ਲਈ ਮੰਡੀ ਬੋਰਡ ਨੂੰ ਸ਼ਿਕਾਇਤ ਕਰਨ ਲਈ ਮੰਡੀ ਸੁਪਰਵਾਈਜ਼ਰ ਅਮਨ ਬਾਂਸਲ ਨਾਲ 81468-00501, ਮਨਿੰਦਰ ਸਿੰਘ 97790-30002 ਤੇ 01652-235042 ਅਤੇ ਕੈਟਲ ਫੀਡ ਲਈ ਮਾਰਕਫੈੱਡ ਦਫ਼ਤਰ ਦੇ ਐਫ.ਐਸ.ਓ. ਅਮਨਦੀਪ ਬਾਂਸਲ 98724-93800 ਅਤੇ ਦੁੱਧ ਅਤੇ ਇਸ ਨਾਲ ਸਬੰਧਿਤ ਉਤਪਾਦਾਂ ਲਈ ਡੇਅਰੀ ਵਿਭਾਗ ਦੇ ਇੰਸਪੈਕਟਰ ਗਰੇਡ-2 ਸਤਵੀਰ ਕੌਰ 82849-40350 ਅਤੇ ਹਰਸ਼ਰਨ ਕੌਰ ਨਾਲ 70099-07854 'ਤੇ ਸੰਪਰਕ ਕੀਤਾ ਜਾ ਸਕਦਾ ਹੈ |
ਚੀਜ਼ਾਂ ਦੀ ਜਮ੍ਹਾਂਖ਼ੋਰੀ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ- ਡਿਪਟੀ ਕਮਿਸ਼ਨਰ
ਅਜੀਤ ਡੈਸਕ
05-09-2025