ਬੋਹਾ, 4 ਸਤੰਬਰ (ਰਮੇਸ਼ ਤਾਂਗੜੀ)- ਅੱਜ ਸਵੇਰੇ 7 ਕੁ ਵਜੇ ਪੈਣੇ ਸ਼ੁਰੂ ਹੋਏ ਮੀਂਹ ਨੇ ਬੋਹਾ ਨੂੰ ਅੰਦਰੋਂ ਡੋਬ ਕੇ ਰੱਖ ਦਿੱਤਾ ਹੈ | ਕਸਬੇ ਦੀਆਂ ਗਲੀਆਂ, ਬਾਜ਼ਾਰਾਂ ਅਤੇ ਸੜਕਾਂ 'ਤੇ ਇਸ ਵਾਰ 5-6 ਫੁੱਟ ਤੱਕ ਪਾਣੀ ਭਰ ਗਿਆ ਹੈ | ਨਗਰ ਪੰਚਾਇਤ ਵਲੋਂ ਪਾਣੀ ਦੇ ਨਿਕਾਸ ਲਈ ਲਗਾਏ ਚੈਂਬਰ ਅਤੇ ਮੋਟਰ ਵੀ ਸ਼ਹਿਰ ਦਾ ਪਾਣੀ ਕੱਢਣ ਤੋਂ ਅਸਮਰਥ ਰਹੀਆਂ | ਕਸਬੇ ਦੇ 90 ਪ੍ਰਤੀਸ਼ਤ ਲੋਕ ਸਵੇਰ ਤੋਂ ਹੀ ਘਰਾਂ 'ਚ ਦੁਬਕ ਗਏ ਅਤੇ ਕੰਮ-ਧੰਦਿਆਂ 'ਤੇ ਨਹੀਂ ਜਾ ਸਕੇ | ਮੁੱਖ ਤੌਰ 'ਤੇ ਕੰਨਿਆ ਸਕੂਲ ਸੜਕ, ਗੇਟ ਵਾਲੇ ਅੱਡੇ ਤੋਂ ਵਾਰਡ ਨੰਬਰ 11 ਤੇ ਮਾਡਲ ਟਾਊਨ ਵਾਲੀਆਂ ਗਲੀਆਂ 'ਚ ਵੀ 4-5 ਫੁੱਟ ਪਾਣੀ ਭਰ ਗਿਆ | ਲੋਕ ਆਸ-ਪਾਸ ਦਾ ਸਹਾਰਾ ਲੈ ਕੇ ਘਰਾਂ ਅੱਗੇ ਮਿੱਟੀ ਦੇ ਗੱਟੇ ਸੁੱਟ ਕੇ ਬੰਨ੍ਹ ਲਗਾ ਰਹੇ ਹਨ | ਸਬਜ਼ੀਆਂ, ਅਖ਼ਬਾਰਾਂ ਅਤੇ ਸੌਦੇ ਪੱਤੇ ਦੀਆਂ ਦੁਕਾਨਾਂ ਸਵੇਰ ਤੋਂ ਹੀ ਬੰਦ ਹਨ | ਪਾਣੀ ਘਰਾਂ 'ਚ ਦਾਖਲ ਹੋਣ ਕਰ ਕੇ ਲੋਕ ਸਵੇਰ ਤੋਂ ਪਾਣੀ ਕੱਢ ਰਹੇ ਹਨ | ਧਰਤੀ ਹੇਠਲਾ ਪਾਣੀ ਖਾਰਾ ਹੋਣ ਕਰ ਕੇ ਲੋਕ ਆਰ.ਓ. ਦਾ ਮੁੱਲ ਦਾ ਪਾਣੀ ਪੀਣ ਤੋਂ ਵੀ ਤੰਗ ਹਨ | ਕਸਬੇ ਦੇ 13 ਵਾਰਡਾਂ 'ਚੋਂ 11, 10 ਅਤੇ 1, 2 ਸਮੇਤ ਉੱਡਤ ਸੜਕ 'ਤੇ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਹੈ | ਇਸ ਤਰ੍ਹਾਂ ਦੀ ਤ੍ਰਾਸਦੀ ਦੌਰਾਨ ਦੁਪਹਿਰੇ 3 ਕੁ ਵਜੇ ਮੀਂਹ ਘਟਿਆ ਤਾਂ ਨਗਰ ਪੰਚਾਇਤ ਵਲੋਂ ਕਮਲਦੀਪ ਸਿੰਘ ਬਾਵਾ ਅਤੇ ਸਫ਼ਾਈ ਕਾਮਿਆਂ ਨੇ ਪਾਣੀ ਦਾ ਨਿਕਾਸ ਕਰਨ ਲਈ ਸੇਮ ਨਾਲੇ ਦੀਆਂ ਪਟੜੀਆਂ 'ਤੇ ਜੇ.ਸੀ.ਬੀ. ਨਾਲ ਪੁੱਟ ਕੇ ਸੜਕ 'ਤੇ ਲਿਫ਼ਾਫ਼ੇ ਲਗਾ ਕੇ ਅਤੇ ਨਾਲੇ ਤੱਕ ਪੁੱਟ ਕੇ ਪਾਣੀ ਸਿੱਧਾ ਹੀ ਕੱਢਣ ਦਾ ਯਤਨ ਕੀਤਾ | ਇਸ ਤਰ੍ਹਾਂ ਸ਼ਹਿਰ 'ਚ ਭਰਿਆ ਪਾਣੀ ਉਚਾਣ ਦੀ ਸਥਿਤੀ ਮੁਤਾਬਿਕ ਨਿਕਲਣਾ ਸ਼ੁਰੂ ਹੋਇਆ | ਇਸ ਮੌਕੇ ਸੀਵਰੇਜ ਬੋਰਡ ਦੇ ਜੇ.ਈ. ਮੌਜੂਦ ਰਹੇ ਜਦਕਿ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਹੋਰ ਅਫ਼ਸਰ ਇੱਥੇ ਨਾ ਪੁੱਜੇ | ਇੱਥੋਂ ਤੱਕ ਕਸਬੇ 'ਚ ਬੇੜੀਆਂ, ਕਿਸ਼ਤੀਆਂ ਵੀ ਨਹੀਂ ਭੇਜੀਆਂ ਗਈਆਂ ਤਾਂ ਜੋ ਲੋਕ ਆਪਣੇ ਘਰਾਂ 'ਚ ਬੇੜੀਆਂ ਰਾਹੀਂ ਨਿਕਲ ਕੇ ਸੁਰੱਖਿਅਤ ਥਾਵਾਂ 'ਤੇ ਜਾ ਸਕਣ |
ਸਵੇਰ ਤੋਂ ਸਾਰਾ ਦਿਨ ਪਏ ਮੀਂਹ ਨੇ ਬੋਹਾ ਮੰਡੀ ਨੂੰ ਡੋਬਿਆ, ਘਰਾਂ 'ਚ ਵੜਿਆ ਪਾਣੀ
ਅਜੀਤ ਡੈਸਕ
05-09-2025