06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਮਾਨਸਾ ਜ਼ਿਲ੍ਹੇ 'ਚ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣਾ ਜਾਰੀ, ਮੀਂਹ ਨੇ ਲੋਕਾਂ ਦੀ ਚਿੰਤਾ ਵਧਾਈ

Ad Position 21
No active advertisement
ਅਜੀਤ ਡੈਸਕ 05-09-2025

ਸਰਦੂਲਗੜ੍ਹ (ਮਾਨਸਾ), 4 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ/ ਜੀ.ਐਮ.ਅਰੋੜਾ)- ਸਰਦੂਲਗੜ੍ਹ ਨੇੜੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਸਹਿਜੇ-ਸਹਿਜੇ ਵਧ ਰਿਹਾ ਹੈ | ਅੱਜ ਦੇਰ ਸ਼ਾਮ ਤੱਕ ਘੱਗਰ ਪੁਲ 'ਤੇ ਪਾਣੀ ਦਾ ਲੈਵਲ 22 ਫੁੱਟ ਦੇ ਕਰੀਬ ਪਹੁੰਚ ਗਿਆ ਸੀ | ਭਾਵੇਂ ਇਹ ਖ਼ਤਰੇ ਦੇ ਨਿਸ਼ਾਨ ਤੋਂ ਕਈ ਫੁੱਟ ਥੱਲੇ ਹੈ ਪਰ ਅੱਜ ਸਵੇਰ ਵੇਲੇ ਪਈ ਭਰਵੀਂ ਬਾਰਿਸ਼ ਅਤੇ ਸਾਰਾ ਦਿਨ ਹੁੰਦੀ ਕਿਣ-ਮਿਣ ਨੇ ਇਸ ਦਰਿਆ ਨੇੜਲੇ ਪਿੰਡਾਂ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ | ਪਿਛਲੇ ਦਿਨਾਂ ਤੋਂ ਲੋਕ ਕੰਢਿਆਂ ਨੂੰ ਹੋਰ ਮਜ਼ਬੂਤ ਕਰਦੇ ਆ ਰਹੇ ਹਨ ਪਰ ਬਾਰਿਸ਼ ਨੇ ਇਸ ਕਾਰਜ 'ਚ ਵਿਘਨ ਪਾ ਦਿੱਤਾ ਹੈ | ਜ਼ਿਕਰਯੋਗ ਹੈ ਕਿ 2023 'ਚ ਇੱਥੇ ਪਾਣੀ ਦਾ ਪੱਧਰ ਵਧਣ ਕਰਕੇ ਜਿੱਥੇ ਸਰਦੂਲਗੜ੍ਹ ਸ਼ਹਿਰ 'ਚ ਪਾਣੀ ਭਰ ਗਿਆ ਸੀ ਉੱਥੇ ਨੇੜਲੇ ਪਿੰਡਾਂ ਦੀਆਂ ਫ਼ਸਲਾਂ ਤੇ ਘਰਾਂ ਦਾ ਨੁਕਸਾਨ ਵੀ ਹੋ ਗਿਆ ਸੀ | ਉਸ ਵੇਲੇ ਨੇੜੇ ਹੀ ਬਾਬਾ ਬਹਾਲ ਦਾਸ ਡੇਰੇ ਨੂੰ ਜਾਂਦੇ ਫੱਟਿਆਂ ਵਾਲਾ ਪੁਲ ਨੂੰ ਤੋੜਨਾ ਪਿਆ ਸੀ | ਉਸ ਉਪਰੰਤ ਇਹ ਪੁਲ ਉੱਚਾ ਤੇ ਨਵਾਂ ਬਣਾ ਦਿੱਤਾ ਹੈ, ਜਿਸ ਕਰਕੇ ਡਾਫ਼ ਨਹੀਂ ਲੱਗਦੀ ਅਤੇ ਪਾਣੀ ਦਾ ਵਹਾਅ ਗਤੀਸ਼ੀਲਤਾ ਨਾਲ ਚਲਦਾ ਹੈ | ਲੋਕਾਂ ਦਾ ਦੱਸਣਾ ਹੈ ਕਿ ਇਹ ਪੁਲ ਬਣਨ ਕਰਕੇ ਇਸ ਵਾਰ ਕਾਫ਼ੀ ਰਾਹਤ ਮਿਲੀ ਹੈ | ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਤੇ ਐਸ.ਡੀ.ਐਮ. ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਫ਼ਵਾਹਾਂ 'ਚ ਨਾ ਆਉਣ ਕਿਉਂਕਿ ਪਾਣੀ ਦਾ ਪੱਧਰ ਹਾਲੇ ਕਾਫ਼ੀ ਨੀਵਾਂ ਹੈ | ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ |
ਸਰਕਾਰੀ ਅੰਕੜੇ ਲੋਕਾਂ 'ਚ ਫੈਲਾਅ ਰਹੇ ਨੇ ਦਹਿਸ਼ਤ
ਉੱਧਰ ਸਰਕਾਰੀ ਤੌਰ 'ਤੇ ਘੱਗਰ ਉੱਤੇ ਪਾਣੀ ਦੇ ਲੈਵਲ ਸਬੰਧੀ ਜਾਰੀ ਅੰਕੜੇ ਲੋਕਾਂ 'ਚ ਦਹਿਸ਼ਤ ਫੈਲਾਅ ਰਹੇ ਹਨ | ਵਿਭਾਗ ਸਰਦੂਲਗੜ੍ਹ ਘੱਗਰ ਪੁਲ 'ਤੇ ਖ਼ਤਰੇ ਦਾ ਪੱਧਰ 20 ਫੁੱਟ ਅਤੇ 32500 ਕਿਉਸਕ ਪਾਣੀ ਨੂੰ ਮੰਨਦਾ ਹੈ | ਬੁਲਾਰੇ ਅਨੁਸਾਰ ਬਾਅਦ ਦੁਪਹਿਰ ਪੁਲ ਕੋਲ ਪਾਣੀ 21.5 ਫੁੱਟ 'ਤੇ ਚਲਦਾ ਦੱਸਿਆ ਗਿਆ, ਜੋ 38900 ਕਿਉਸਕ ਬਣਦਾ ਹੈ | ਇਸੇ ਨਾਲ ਇਹ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਘੱਗਰ 'ਤੇ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਹੈ | ਅਜਿਹੀ ਸੂਚਨਾ ਮਿਲਣ 'ਤੇ ਲੋਕਾਂ 'ਚ ਚਿੰਤਾ ਹੋਣੀ ਲਾਜ਼ਮੀ ਹੈ | ਅਸਲ ਵਿਚ ਗੱਲ ਇਹ ਹੈ ਕਿ 2023 'ਚ ਪਾਣੀ ਦੀ ਸਮੱਸਿਆ ਝੱਲ ਚੁੱਕੇ ਲੋਕਾਂ ਨੇ ਆਪਣੇ ਪੱਧਰ 'ਤੇ ਕੰਢਿਆਂ ਨੂੰ ਕਈ ਫੁੱਟ ਉੱਚਾ ਕਰ ਲਿਆ ਸੀ ਅਤੇ ਪਿਛਲੇ ਦਿਨਾਂ 'ਚ ਵੀ ਇਹ ਕਾਰਜ ਜਾਰੀ ਹੈ | ਹਲਕਾ ਵਿਧਾਇਕ ਬਣਾਂਵਾਲੀ ਦੱਸਦੇ ਹਨ ਕਿ ਘੱਗਰ ਦੇ ਕੰਢੇ 25 ਫੁੱਟ ਤੱਕ ਉੱਚੇ ਕਰ ਲਏ ਹਨ ਅਤੇ ਘੱਗਰ ਪੁਲ 27 ਫੁੱਟ ਉੱਚਾ ਹੈ | ਇਸੇ ਤਰ੍ਹਾਂ ਹਰ ਵਾਰ ਡਾਫ਼ ਦਾ ਕਾਰਨ ਬਣਦਾ ਫੱਟਿਆਂ ਵਾਲਾ ਪੁਲ ਵੀ ਨਵਾਂ ਬਣਾ ਕੇ ਉੱਚਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਹੁਣ 25 ਫੁੱਟ ਤੱਕ ਪਾਣੀ ਸਹਿਜ ਨਾਲ ਵਗ ਸਕਦਾ ਹੈ |
ਸੰਭਾਵੀਂ ਖਤਰੇ ਦੇ ਮੱਦੇਨਜ਼ਰ ਲੋਕ ਬਚਾਅ ਕਾਰਜਾਂ 'ਚ ਜੁਟੇ
ਦੱਸ ਦੇਈਏ ਕਿ ਘੱਗਰ ਦਾ ਇਸ ਖੇਤਰ 'ਚ ਇਕ ਪਾਸਾ 34 ਅਤੇ ਦੂਸਰਾ ਪਾਸਾ 30 ਕਿੱਲੋਮੀਟਰ ਪੈਂਦਾ ਹੈ | ਜਦੋਂ ਵੀ ਆਫ਼ਤ ਆਉਂਦੀ ਹੈ ਤਾਂ ਕਿਸਾਨ ਤੇ ਆਮ ਲੋਕ ਖੁਦ ਬਚਾਅ ਕਾਰਜਾਂ 'ਚ ਜੁਟ ਜਾਂਦੇ ਹਨ | ਇਸੇ ਦੇ ਚੱਲਦਿਆਂ ਉਨ੍ਹਾਂ ਘੱਗਰ ਦੀ 64 ਕਿੱਲੋਮੀਟਰ (ਦੋਵੇਂ ਪਾਸੇ) ਪਟੜੀ ਨੂੰ ਉੱਚਾ ਕੀਤਾ ਹੈ | ਹਲਕਾ ਵਿਧਾਇਕ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ, ਅਕਾਲੀ ਦਲ ਦੇ ਹਲਕਾ ਇੰਚਾਰਜ ਦਿਲਰਾਜ ਸਿੰਘ ਭੂੰਦੜ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਬਿਕਰਮ ਸਿੰਘ ਮੋਫ਼ਰ, ਭਾਜਪਾ ਆਗੂ ਜਗਜੀਤ ਸਿੰਘ ਮਿਲਖਾ ਤੋਂ ਇਲਾਵਾ ਹੋਰ ਰਾਜਸੀ ਪਾਰਟੀਆਂ ਦੇ ਆਗੂ ਤੇ ਸਮਾਜ ਸੇਵੀ ਸੰਗਠਨਾਂ ਦੇ ਅਹੁਦੇਦਾਰ ਵੀ ਲੋਕਾਂ ਦੀ ਸਹਾਇਤਾ ਲਈ ਅੱਗੇ ਆਏ ਹਨ | ਉਨ੍ਹਾਂ ਵਿੱਤ ਮੁਤਾਬਕ ਡੀਜ਼ਲ ਤੇ ਹੋਰ ਲੋੜੀਂਦੀਆਂ ਵਸਤਾਂ ਦੀ ਸਹਾਇਤਾ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਮੀਂਹ ਕਾਰਨ ਗ਼ਰੀਬ ਪਰਿਵਾਰ ਦਾ ਆਸ਼ਿਆਨਾ ਹੋਇਆ ਤਹਿਸ-ਨਹਿਸ ਅਗਲੀ ਖ਼ਬਰ ਸਵੇਰ ਤੋਂ ਸਾਰਾ ਦਿਨ ਪਏ ਮੀਂਹ ਨੇ ਬੋਹਾ ਮੰਡੀ ਨੂੰ ਡੋਬਿਆ, ਘਰਾਂ 'ਚ ਵੜਿਆ ਪਾਣੀ
Ad Position 24