ਸੁਨਾਮ ਊਧਮ ਸਿੰਘ ਵਾਲਾ, 4 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸਵੇਰ ਤੋਂ ਹੀ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਨੇੜਲੇ ਪਿੰਡ ਬਖਸ਼ੀਵਾਲਾ ਦੇ ਇੱਕ ਗ਼ਰੀਬ ਪਰਿਵਾਰ ਦਾ ਤਿੰਨ ਕਮਰਿਆਂ ਦਾ ਘਰ ਵੇਖਦੇ ਵੇਖਦੇ ਹੀ ਢਹਿ ਢੇਰੀ ਹੋ ਗਿਆ | ਪਿੰਡ ਦੇ ਹੀ ਕਿਸਾਨ ਆਗੂ ਜਗਤਾਰ ਸਿੰਘ ਬਖਸ਼ੀਵਾਲਾ ਨੇ ਦੱਸਿਆ ਕਿ ਇੱਕ ਬੇਹੱਦ ਗ਼ਰੀਬ ਮਹਿਰਾ ਪਰਿਵਾਰ ਦਾ ਸਤਨਾਮ ਸਿੰਘ ਕਾਕਾ ਪੁੱਤਰ ਕਰਨੈਲ ਸਿੰਘ ਆਪਣੇ ਬਾਲ ਬੱਚਿਆਂ ਸਮੇਤ ਇੱਕ ਛੋਟੇ-ਛੋਟੇ ਤਿੰਨ ਕਮਰਿਆਂ ਦੇ ਘਰ 'ਚ ਆਪਣਾ ਜੀਵਨ ਬਸਰ ਕਰ ਰਿਹਾ ਸੀ ਕਿ ਅੱਜ ਸਵੇਰੇ ਹੀ ਉਸ ਦਾ ਘਰ ਡਿੱਗ ਗਿਆ | ਉਨ੍ਹਾਂ ਕਿਹਾ ਕਿ ਭਾਵੇਂ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਉਸ ਦੇ ਘਰ ਦਾ ਸਾਰਾ ਘਰੇਲੂ ਸਮਾਨ ਤਹਿਸ-ਨਹਿਸ ਹੋ ਗਿਆ | ਉਨ੍ਹਾਂ ਪ੍ਰਸ਼ਾਸਨ ਤੋਂ ਇਸ ਗ਼ਰੀਬ ਪਰਿਵਾਰ ਦੀ ਮਾਲੀ ਮਦਦ ਕਰਨ ਦੀ ਮੰਗ ਕੀਤੀ |