ਲੌਂਗੋਵਾਲ, 4 ਸਤੰਬਰ (ਵਿਨੋਦ ਸ਼ਰਮਾ) - ਪੰਜਾਬ ਵਿਚ ਹੋ ਰਹੀ ਭਾਰੀ ਬਾਰਸ਼ ਅਤੇ ਹੜ੍ਹਾਂ ਕਾਰਨ ਜਿੱਥੇ ਕਈ ਘਰਾਂ ਦੀਆਂ ਛੱਤਾਂ ਚੋਅ ਰਹੀਆਂ ਹਨ ਜਾਂ ਛੱਤਾਂ ਡਿਗ ਗਈਆਂ ਹਨ | ਇਸ ਕਾਰਨ ਅਨੇਕਾਂ ਪਰਿਵਾਰ ਬੇਘਰ ਹੋ ਗਏ ਹਨ | ਅਜਿਹੀ ਸੰਕਟਮਈ ਸਥਿਤੀ ਵਿਚ ਸ਼੍ਰੋਮਣੀ ਕਮੇਟੀ ਅਧੀਨ ਚੱਲਦੀ ਸੰਸਥਾ ਸ਼ਹੀਦ ਭਾਈ ਮਨੀ ਸਿੰਘ ਖ਼ਾਲਸਾ ਕਾਲਜ ਲੌਂਗੋਵਾਲ ਨੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਪਣੇ ਹੱਥ ਅੱਗੇ ਵਧਾਏ ਹਨ | ਪਿ੍ੰਸੀਪਲ ਡਾ. ਜਸਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਾਲਜ ਪ੍ਰਬੰਧਕ ਕਮੇਟੀ ਵਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਜਿਨ੍ਹਾਂ ਪਰਿਵਾਰਾਂ ਦੇ ਘਰ ਨੁਕਸਾਨੇ ਗਏ ਹਨ ਜਾਂ ਜੋ ਲੋਕ ਬੇਘਰ ਹੋ ਚੁੱਕੇ ਹਨ, ਉਨ੍ਹਾਂ ਲਈ ਕਾਲਜ ਦੇ ਵਿਹੜੇ ਵਿਚ ਰਹਿਣ ਲਈ ਥਾਂ ਪ੍ਰਦਾਨ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਕਾਲਜ ਵਲੋਂ ਹਮੇਸ਼ਾ ਲੋਕਾਂ ਦੀ ਸਹਾਇਤਾ ਲਈ ਹੱਥ ਵਧਾਇਆ ਗਿਆ ਹੈ | ਉਨ੍ਹਾਂ ਨੇ ਦੱਸਿਆ ਕਿ ਜੇਕਰ ਕਿਸੇ ਪਰਿਵਾਰ ਨੂੰ ਰਹਿਣ ਦੀ ਜ਼ਰੂਰਤ ਹੋਵੇ ਤਾਂ ਉਹ ਸਿੱਧਾ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ | ਪਰਿਵਾਰਾਂ ਦੇ ਰਹਿਣ ਅਤੇ ਲੰਗਰ ਦਾ ਪ੍ਰਬੰਧ ਕਾਲਜ ਵਿਚ ਹੀ ਕੀਤਾ ਜਾਵੇਗਾ | ਇਸ ਲਈ ਕਾਲਜ ਪ੍ਰਬੰਧਕਾਂ ਨੇ ਹੈਲਪ ਲਾਈਨ ਨੰਬਰ 75270-07334 ਵੀ ਜਾਰੀ ਕੀਤਾ ਹੈ |