16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹੜ੍ਹ ਪ੍ਰਭਾਵਿਤ ਖੇਤਰਾਂ 'ਚ ਪੰਜਾਬੀਆਂ ਨੇ ਰਾਸ਼ਨ ਅਤੇ ਚਾਰੇ ਦਾ ਲਿਆਂਦਾ 'ਹੜ੍ਹ'- ਠਹਿਰਾਓ ਦੀ ਮੰਗ

Ad Position 21
No active advertisement
ਅਜੀਤ ਡੈਸਕ 06-09-2025
ਬਠਿੰਡਾ, 5 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਅੰਦਰ ਆਏ ਹੜ੍ਹਾਂ ਕਾਰਨ ਜਿੱਥੇ ਅੱਧਾ ਸੂਬਾ ਹੜ੍ਹ ਦੇ ਪਾਣੀ ਦੀ ਮਾਰ ਹੇਠ ਆਇਆ ਹੋਇਆ ਹੈ, ਉੱਥੇ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਲਈ ਪੂਰਾ ਪੰਜਾਬ ਮੈਦਾਨ 'ਚ ਉੱਤਰਿਆ ਹੋਇਆ ਹੈ ਅਤੇ ਗੁਆਂਢੀ ਸੂਬਿਆਂ ਤੋਂ ਇਲਾਵਾ ਦੇਸ਼-ਵਿਦੇਸ਼ 'ਚ ਬੈਠਾ ਹਰ ਪੰਜਾਬੀ ਪੀੜ੍ਹਤ ਲੋਕਾਂ ਦੀ ਮੱਦਦ ਕਰਨ ਲਈ ਆਪਣਾ ਬਣਦਾ ਸਹਿਯੋਗ ਪਾ ਰਿਹਾ ਹੈ | ਇਸ ਦੌਰਾਨ ਮੱੁਢਲੇ ਦੌਰ 'ਚ ਲੋਕਾਂ ਅਤੇ ਉਨ੍ਹਾਂ ਦੇ ਪਸ਼ੂ-ਡੰਗਰਾਂ ਦੀਆਂ ਜਾਨਾਂ ਬਚਾਉਣ ਤੋਂ ਇਲਾਵਾ ਉਨ੍ਹਾਂ ਦੇ ਢਿੱਡ ਭਰਨ ਦਾ ਵੱਡਾ ਮਸਲਾ ਬਣਿਆ ਹੋਇਆ ਸੀ, ਜਿਸ ਨਾਲ ਪੰਜਾਬੀਆਂ ਨੇ ਇਕ ਮਿਸ਼ਨ ਬਣਾ ਕੇ ਨਜਿੱਠਿਆ ਤੇ ਲਗਾਤਾਰ ਡਟੇ ਹੋਏ ਹਨ | ਹੜ੍ਹਾਂ ਦੀ ਮਾਰ ਦੇ ਝੰਬੇ ਲੋਕਾਂ ਨੂੰ ਬਚਾਉਣ ਲਈ ਜਿੱਥੇ ਪੰਜਾਬ ਦੇ ਲੋਕ ਆਪ ਮੁਹਾਰੇ ਆਪਣੇ ਸਾਧਨ ਲੈ ਕੇ ਉਨ੍ਹਾਂ ਦੀ ਮੱਦਦ ਕਰਨ ਲਈ ਪੁੱਜੇ, ਉੱਥੇ ਉਨ੍ਹਾਂ ਅਤੇ ਉਨ੍ਹਾਂ ਦੇ ਪਸ਼ੂਆਂ ਦਾ ਢਿੱਡ ਭਰਨ ਲਈ ਰਾਸ਼ਨ ਅਤੇ ਚਾਰੇ ਵਗੈਰਾ ਦਾ ਵੀ ਹੜ੍ਹ ਲਿਆ ਦਿੱਤਾ ਹੈ ਤੇ ਹਰ ਰੋਜ਼ ਪੰਜਾਬ ਦੇ ਕੋਨੇ-ਕੋਨੇ 'ਚੋਂ ਰਾਸ਼ਨ ਅਤੇ ਚਾਰੇ ਦੇ ਭਰੇ ਟਰੈਕਟਰ-ਟਰਾਲੀਆਂ ਅਤੇ ਟਰੱਕ ਹੜ੍ਹ ਪ੍ਰਭਾਵਿਤ ਲੋਕਾਂ ਕੋਲ ਪਹੁੰਚ ਰਹੇ ਹਨ | ਲੋਕਾਂ ਵਲੋਂ ਰਾਸ਼ਨ ਅਤੇ ਚਾਰੇ ਦੇ ਲਿਆਂਦੇ ਹੜ੍ਹ ਬਾਅਦ ਹੁਣ ਪਿਛਲੇ ਦੋ-ਤਿੰਨ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚੋਂ ਇਹ ਗੱਲ ਉਭਰਕੇ ਸਾਹਮਣੇ ਆ ਰਹੀ ਹੈ ਕਿ ਰਾਸ਼ਨ ਅਤੇ ਚਾਰਾ ਹਾਲ ਦੀ ਘੜੀ ਸਰਪਲੱਸ ਹੈ, ਜਿਸ ਦਾ ਹੁਣ ਕੁਝ ਦਿਨਾਂ ਲਈ ਠਹਿਰਾਓ ਕਰ ਦਿੱਤਾ ਜਾਵੇ | ਨਾਲ ਹੀ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਹੜ੍ਹਾਂ ਦਾ ਪਾਣੀ ਉੱਤਰਨ ਬਾਅਦ ਆਉਣ ਵਾਲੀਆਂ ਮੁਸ਼ਕਿਲਾਂ ਨਾਲ ਨਜਿੱਠਣ ਲਈ ਪੰਜਾਬੀਆਂ ਨੂੰ ਇੰਨ੍ਹਾਂ ਇਲਾਕਿਆਂ 'ਚ ਇਕ ਵਾਰ ਫ਼ਿਰ ਇਸੇ ਤਰ੍ਹਾਂ ਹੱਲਾ ਮਾਰਨਾ ਪਵੇਗਾ | ਬੇਸ਼ੱਕ ਇੰਨ੍ਹਾਂ ਹੜ੍ਹਾਂ ਲਈ ਸਰਕਾਰੀ ਤੰਤਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਪਰ ਕਿਤੇ ਨਾ ਕਿਤੇ ਮਨੁੱਖ ਨੂੰ ਕੁਦਰਤ ਤੋਂ ਦੂਰ ਹੋੋਣਾ ਅਤੇ ਕੁਦਰਤ ਨਾਲ ਛੇੜਛਾੜ ਕਰਨਾ ਵੀ ਮਹਿੰਗਾ ਪਿਆ ਹੈ ਤੇ ਪੁਰਾਣੇ ਵੇਲੇ ਚੇਤੇ ਆਏ ਹਨ, ਜਿਸ ਦੇ ਚਲਦਿਆਂ ਪੁਰਾਤਨ ਸਮੇਂ ਦੇ ਖੂਹਾਂ ਦੀ ਮੁੜ ਲੋੜ ਮਹਿਸੂਸ ਕੀਤੀ ਗਈ ਹੈ, ਕਿਉਂਕਿ ਕਈ ਪਿੰਡਾਂ 'ਚ ਬੰਦ ਪਏ ਪੁਰਾਣੇ ਖੂਹ ਆਪ ਮੁਹਾਰੇ ਖੱੁਲ੍ਹਣ ਕਰਕੇ ਹੜ੍ਹ ਦੇ ਪਾਣੀ ਨੂੰ ਆਪਣੇ ਅੰਦਰ ਸਮਾਉਣ 'ਚ ਸਹਾਈ ਹੋਏ ਹਨ |
Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਸਕੂਲ ਨੇ ਅਧਿਆਪਕ ਦਿਵਸ ਮੌਕੇ ਹੜ੍ਹ ਪੀੜਤਾਂ ਲਈ ਇਕ ਦਿਨ ਦੀ ਤਨਖ਼ਾਹ ਦੇ ਕੇ ਕੀਤੀ ਪਹਿਲ ਕਦਮੀ ਅਗਲੀ ਖ਼ਬਰ ਖ਼ਾਲਸਾ ਕਾਲਜ ਵਿਚ ਸੋਸ਼ਲ ਸਾਇੰਸ ਵਿਭਾਗ ਵਲੋਂ ਹਫ਼ਤਾਵਾਰੀ ਪੁਸਤਕ ਰੀਵਿਊ
Ad Position 24