ਮਾਨਸਾ, 24 ਸਤੰਬਰ (ਸ. ਰਿ)- ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵਲੋਂ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਗੇਟ ਅੱਗੇ ਰੋਸ ਰੈਲੀ ਕੀਤੀ ਗਈ | ਵਿਦਿਆਰਥੀਆਂ ਨੇ ਮੰਗ ਕੀਤੀ ਕਿ ਕਾਲਜ ਕੰਪਲੈਕਸ ਦੇ ਸਾਹਮਣੇ ਪੱਕਾ ਬੱਸ ਸਟਾਪ ਬਣਾਉਣ ਦੇ ਨਾਲ ਹੀ ਬੱਸਾਂ ਰੁਕਣੀਆਂ ਯਕੀਨੀ ਬਣਾਉਣ, ਪੀਣ ਲਈ ਸ਼ੁੱਧ ਪਾਣੀ ਤੇ ਸਫ਼ਾਈ ਦਾ ਪ੍ਰਬੰਧ ਕਰਨ, 1158 ਸਹਾਇਕ ਪ੍ਰੋਫ਼ੈਸਰਾਂ, ਲਾਇਬ੍ਰੇਰੀਅਨਾਂ ਅਤੇ ਗੈਸਟ ਫੈਕਲਟੀ ਅਧਿਆਪਕਾਂ ਸਮੇਤ ਸਾਰੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ, ਨਵੀਂ ਸਿੱਖਿਆ ਨੀਤੀ ਤਹਿਤ ਲਿਆਂਦੇ ਗਏ ਵਾਧੂ ਵਿਸ਼ੇ ਵਾਪਸ ਲਏ ਜਾਣ | ਜਥੇਬੰਦੀ ਦੇ ਸੂਬਾ ਕਨਵੀਨਰ ਸੁਖਜੀਤ ਸਿੰਘ ਰਾਮਾਂਨੰਦੀ ਅਤੇ ਜ਼ਿਲ੍ਹਾ ਸੋਸ਼ਲ ਮੀਡੀਆ ਸਕੱਤਰ ਅਮਨਦੀਪ ਸਿੰਘ ਰਾਮਪੁਰ ਮੰਡੇਰ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਸਰਕਾਰੀ ਵਿੱਦਿਅਕ ਅਦਾਰਿਆਂ ਨੂੰ ਹਰ ਸਹੂਲਤਾਂ ਦੇਣ ਦੇ ਦਾਅਵੇ ਕਰਦੀਆਂ ਹਨ ਪਰ ਵਿਦਿਆਰਥੀ ਲੋੜੀਂਦੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ | ਇਸ ਮੌਕੇ ਹਨੀ ਸਿੰਘ, ਪਿ੍ੰਸ ਕੁਮਾਰ, ਜਸ਼ਨਪ੍ਰੀਤ ਸਿੰਘ, ਹੁਸਨਪ੍ਰੀਤ ਸਿੰਘ, ਕਮਲਜੀਤ ਕੌਰ ਆਦਿ ਹਾਜ਼ਰ ਸਨ |