ਬੋਹਾ, 25 ਸਤੰਬਰ (ਰਮੇਸ਼ ਤਾਂਗੜੀ)- ਇਸ ਖੇਤਰ ਨਾਲ ਸਬੰਧਿਤ ਬੋਹਾ-ਸ਼ੇਰਖਾਂ ਵਾਲਾ, ਰਿਉਂਦ, ਬਰੇਟਾ ਸੜਕ ਅਤੇ ਦੂਜੇ ਪਾਸੇ ਬੋਹਾ-ਸ਼ੇਰਖਾਂ ਵਾਲਾ, ਮੰਘਾਣੀਆਂ, ਬਰੇਟਾ ਸੜਕ ਦੇ ਦੋਵੇਂ ਪਾਸੇ ਪੰਚਾਇਤਾਂ ਵਲੋਂ ਲਗਾਏ ਬੂਟੇ ਵੱਡੇ ਹੋ ਕੇ ਵਾੜ ਦੀ ਤਰ੍ਹਾਂ ਬਣ ਗਏ ਹਨ | ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣਾਈਆਂ ਇਹ ਸੜਕਾਂ 'ਤੇ ਬੱਸ ਆਵਾਜਾਈ ਤਾਂ ਭਾਵੇਂ ਨਾਮਾਤਰ ਹੈ ਪਰ ਸਥਾਨਕ ਵਾਹਨ ਟਰੈਕਟਰ, ਕਾਰਾਂ, ਜੀਪਾਂ, ਟਰੱਕ, ਮੋਟਰਸਾਈਕਲ ਸਾਰਾ ਦਿਨ ਚੱਲਦੇ ਹਨ | ਇਸ ਪਾਸੇ ਦਰਖ਼ਤਾਂ ਦੀ ਵਾੜ ਕਰ ਕੇ ਸੜਕਾਂ ਦੀਆਂ ਕੰਨੀਆਂ ਵੀ ਵਿਖਾਈ ਨਹੀਂ ਦਿੰਦੀਆਂ, ਜਿਸ ਕਰ ਕੇ ਅਗਲੇ ਪਿਛਲੇ ਵਾਹਨਾਂ ਨੂੰ ਲੰਘਾਉਣਾ ਔਖਾ ਹੁੰਦਾ ਹੈ | ਰਾਤ ਬਰਾਤੇ ਸੜਕ 'ਤੇ ਲੰਘਣਾ ਤਾਂ ਕਾਫ਼ੀ ਮੁਸ਼ਕਿਲ ਹੋ ਜਾਂਦਾ ਹੈ | ਪਿੰਡ ਮੰਘਾਣੀਆਂ ਤੋਂ ਸੜਕ ਇਕ ਬੰਨ੍ਹੇ ਰਿਉਂਦ ਕਲਾਂ ਬੀਰੇਵਾਲਾ ਡੋਗਰਾ, ਰਿਉਂਦ ਖ਼ੁਰਦ, ਭਾਵਾ, ਚੱਕ ਅਲੀਸ਼ੇਰ, ਕੁੱਲਰੀਆਂ ਹੋ ਕੇ ਬਰੇਟਾ ਅਤੇ ਦੂਜੇ ਮੰਘਾਣੀਆਂ ਤੋਂ ਝਲਬੂਟੀ, ਆਂਡਿਆਂਵਾਲੀ, ਭਖੜਿਆਲ, ਧਰਮਪੁਰਾ, ਕੁੱਲਰੀਆਂ ਤੋਂ ਬਰੇਟਾ ਅਤੇ ਹੋਰ ਕਈ ਪਿੰਡਾਂ ਨੂੰ ਵੀ ਕਵਰ ਕਰਦੀ ਹੈ | ਸੜਕ ਦੇ ਸ਼ੇਰਖਾਂ ਵਾਲਾ ਤੱਕ ਉੱਚੀ ਵਾੜ ਨਾਲ ਮਨ ਦਹਿਲਦਾ ਹੈ ਕਿਉਂਕਿ ਸੜਕ ਦੇ ਦੋਵੇਂ ਪਾਸੇ ਕੋਈ ਜਗ੍ਹਾ ਖਾਲੀ ਨਹੀਂ ਅਤੇ ਸੜਕ ਥਾਂ-ਥਾਂ ਤੋਂ ਟੁੱਟੀ ਹੋਈ ਹੈ | ਸੜਕ 'ਤੇ ਪਏ ਖੱਡੇ ਹਾਦਸਿਆਂ ਦਾ ਕਾਰਨ ਬਣਦੇ ਹਨ | ਇਸ ਸੜਕ 'ਤੇ ਇਕ ਪਾਸੇ ਡੇਰਾ ਸਿਰਸਾ ਅਤੇ ਦੂਜੇ ਪਾਸੇ ਬੋਹਾ ਦੀ ਨਗਰ ਪੰਚਾਇਤ ਵਲੋਂ ਚੈਂਬਰ ਬਣਾਇਆ ਹੋਇਆ ਹੈ | ਇਸੇ ਤਰ੍ਹਾਂ ਸੜਕ ਦੇ ਦੋਵੇਂ ਸਾਈਡਾਂ ਰਾਈਸ ਸ਼ੈਲਰ ਅਤੇ ਲੋਕਾਂ ਦੀਆਂ ਖੇਤਾਂ 'ਚ ਢਾਣੀਆਂ ਨਜ਼ਰ ਆਉਂਦੀਆਂ ਹਨ, ਜਿਸ ਕਰ ਕੇ ਸੜਕ 'ਤੇ ਆਵਾਜਾਈ ਦਾ ਤਾਂਤਾ ਲੱਗਿਆ ਰਹਿੰਦਾ ਹੈ | ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਸ਼ੁਰੂ ਤੋਂ ਟੁੱਟੀ ਇਸ ਸੜਕ ਕਾਰਨ ਪਿੰਡਾਂ ਦਾ ਵਿਕਾਸ ਨਹੀਂ ਹੋ ਰਿਹਾ | ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ 3 ਸਾਲਾਂ ਬਾਅਦ ਸੜਕਾਂ ਦੀ ਮੁਰੰਮਤ ਅਤੇ ਦਰਖ਼ਤਾਂ ਦੀ ਛੰਗਾਈ ਵੀ ਨਹੀਂ ਹੁੰਦੀ | ਸੜਕਾਂ 'ਤੇ ਪਹਿਲਾਂ ਕੰਮ ਕਰਦੇ ਬੇਲਦਾਰ ਕਦੋਂ ਦੇ ਸੇਵਾ ਮੁਕਤ ਹੋ ਚੁੱਕੇ ਹਨ | ਸਰਕਾਰੀ ਪ੍ਰਾਪਰਟੀ ਸੜਕਾਂ ਅਤੇ ਇਸ ਦੇ ਦੋਵੇਂ ਪਾਸੇ ਖੜ੍ਹੇ ਦਰਖ਼ਤ ਸੁੰਨੇ ਪਏ ਹਨ, ਜਿਨ੍ਹਾਂ ਦੀ ਆਮ ਤੌਰ 'ਤੇ ਨਜਾਇਜ਼ ਕਟਾਈ ਹੁੰਦੀ ਰਹਿੰਦੀ ਹੈ | ਥਾਂ-ਥਾਂ ਪਏ ਖੱਡਿਆਂ ਨਾਲ ਲੋਕਾਂ ਦੀ ਮਸ਼ੀਨਰੀ ਟੁੱਟ-ਭੱਜ ਰਹੀ ਹੈ | ਸੜਕ 'ਤੇ ਚੱਲਦੇ ਵਾਹਨਾਂ ਵਾਲਿਆਂ ਦਾ ਸਾਹ ਘੁਟਦਾ ਹੈ ਅਤੇ ਇਲਾਕੇ ਦੀ ਸੁੰਦਰਤਾ ਖ਼ਰਾਬ ਹੋ ਗਈ ਹੈ | ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਸੜਕ ਵਿਭਾਗ, ਵਣ ਵਿਭਾਗ ਦੇ ਰਲਵੇਂ ਨਾਲ ਮਾਸਟਰ ਪਲਾਨ ਤਿਆਰ ਕਰੇ ਤਾਂ ਜੋ ਨਾਮਾਤਰ ਖਰਚੇ ਨਾਲ ਸੜਕਾਂ 'ਤੇ ਦਰਖ਼ਤਾਂ ਦੀ ਸੰਭਾਲ ਹੋ ਸਕਦੀ ਹੈ ਅਤੇ ਦਰਖ਼ਤਾਂ ਦੀ ਛੰਗਾਈ ਨਾਲ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ |