19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਰਕਾਰ ਦੇ ਹੁਕਮਾਂ ਨੇ ਅਧਿਆਪਕ ਤੇ ਵਿਦਿਆਰਥੀ ਘੰੁਮਣ-ਘੇਰੀਆਂ 'ਚ ਪਾਏ

Ad Position 21
No active advertisement
ਅਜੀਤ ਡੈਸਕ 28-09-2025
ਮਾਨਸਾ, 27 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ. ਟੀ. ਐੱਫ਼.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਸੂਬਾ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਜ਼ਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ ਨੇ ਸਿੱਖਿਆ ਵਿਭਾਗ ਵਲੋਂ ਬਗੈਰ ਕੋਈ ਵਿੱਦਿਅਕ ਕੈਲੰਡਰ ਬਣਾਏ ਅਧਿਆਪਕਾਂ ਨੂੰ ਇੱਕੋ ਸਮੇਂ ਵੱਖ-ਵੱਖ ਕੰਮਾਂ ਵਿਚ ਉਲਝਾਉਣ ਦੀ ਸਖ਼ਤ ਨਿਖੇਧੀ ਕੀਤੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ 'ਚ ਸੂਬੇ ਦੇ ਸਕੂਲਾਂ 'ਚ ਸਤੰਬਰ ਮਹੀਨੇ ਦੀਆਂ ਟਰਮ ਪ੍ਰੀਖਿਆਵਾਂ ਚੱਲ ਰਹੀਆਂ ਹਨ, ਜੋ ਕਿ ਅਗਲੇ ਹਫ਼ਤੇ ਤੱਕ ਚੱਲਣਗੀਆਂ ਅਤੇ ਸੋਮਵਾਰ ਤੋਂ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਸ਼ੁਰੂ ਹੋ ਰਹੀਆਂ ਹਨ | ਸਿੱਖਿਆ ਵਿਭਾਗ ਨੇ ਜਿਨ੍ਹਾਂ ਦਿਨਾਂ 'ਚ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਕਰਵਾਉਣ ਦੇ ਹੁਕਮ ਦਿੱਤੇ ਸਨ, ਹੁਣ ਉਨ੍ਹਾਂ ਦਿਨਾਂ 'ਚ ਹੀ ਸਕੂਲਾਂ 'ਚ ਨਵੀਆਂ ਬਣੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਦੀਆਂ ਸਿਖਲਾਈਆਂ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ | ਵਰਨਣਯੋਗ ਹੈ ਕਿ ਵਿਦਿਆਰਥੀਆਂ ਦੇ ਸਤੰਬਰ ਟਰਮ ਪ੍ਰੀਖਿਆਵਾਂ ਦੇ ਨਾਲ ਹੀ ਚੋਣ ਕਮਿਸ਼ਨ ਵਲੋਂ ਪਹਿਲਾਂ ਹੀ ਸੂਬੇ 'ਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.) ਦਾ ਕੰਮ ਚੱਲ ਰਿਹਾ ਹੈ, ਜਿਸ 'ਚ ਵੱਡੀ ਗਿਣਤੀ ਵਿਚ ਅਧਿਆਪਕ ਬੀ.ਐੱਲ.ਓ. ਵਜੋਂ ਡਿਊਟੀਆਂ ਨਿਭਾਅ ਰਹੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵਲੋਂ ਪਹਿਲਾਂ ਹੀ ਸਕੂਲਾਂ ਤੋਂ ਫ਼ਾਰਗ ਕਰਵਾ ਕੇ ਬੀ.ਐੱਲ.ਓ. ਦੇ ਕੰਮਾਂ 'ਤੇ ਤਾਇਨਾਤ ਕੀਤਾ ਹੋਇਆ ਹੈ | ਉਕਤ ਆਗੂਆਂ ਨੇ ਕਿਹਾ ਕਿ ਅਜਿਹੇ 'ਚ ਅਧਿਆਪਕ ਭੰਬਲਭੂਸੇ 'ਚ ਫਸੇ ਹੋਏ ਹਨ ਕਿ ਉਹ ਆਪਣੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਖੇਡਾਂ 'ਚ ਲੈ ਕੇ ਜਾਣ, ਐੱਸ.ਐੱਮ.ਸੀ. ਦੀਆਂ ਸਿਖਲਾਈਆਂ 'ਚ ਭਾਗ ਲੈਣ ਜਾਂ ਬੀ.ਐੱਲ.ਓ. ਡਿਊਟੀ ਕਰਨ? ਜਥੇਬੰਦੀ ਲੰਮੇ ਸਮੇਂ ਤੋਂ ਮੰਗ ਕਰਦੀ ਆ ਰਹੀ ਹੈ ਕਿ ਸੂਬੇ ਦੇ ਸਕੂਲਾਂ ਦਾ ਵਿੱਦਿਅਕ ਅਤੇ ਖੇਡ ਕੈਲੰਡਰ ਹਰ ਵਰ੍ਹੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਸਮੇਂ ਹੀ ਬਣ ਕੇ ਜਾਰੀ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਅਧਿਆਪਕ ਅਤੇ ਵਿਦਿਆਰਥੀ ਅਜਿਹੀਆਂ ਘੰੁਮਣ-ਘੇਰੀਆਂ 'ਚ ਨਾ ਪੈਣ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਕੋ ਸਮੇਂ ਇਕ ਹੀ ਕੰਮ ਕਰਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਲਿਬਰੇਸ਼ਨ ਵਲੋਂ ਸੋਨਮ ਵਾਂਗਚੁਕ 'ਤੇ ਐਨ. ਐਸ. ਏ. ਲਗਾਉਣ ਦੀ ਨਿੰਦਾ ਅਗਲੀ ਖ਼ਬਰ ਇਤਿਹਾਸਕ ਪਿਛੋਕੜ ਵਾਲਾ ਮੇਲਾ ਮਾਈਸਰਖਾਨਾ ਅੱਜ
Ad Position 24