ਮਾਨਸਾ, 27 ਸਤੰਬਰ (ਸ.ਰਿ.)- ਸੀ. ਪੀ. ਆਈ. (ਐਮ.ਐਲ.) ਲਿਬਰੇਸ਼ਨ ਨੇ ਲਦਾਖ਼ ਆਦਿ-ਵਾਸੀ ਖ਼ਿੱਤੇ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ 'ਚ ਸ਼ਾਮਿਲ ਕਰਨ ਅਤੇ ਇਸ ਵਿਸ਼ਾਲ ਖ਼ਿੱਤੇ ਨੂੰ ਸੂਬੇ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਵੱਡੇ ਪੱਧਰ ਉੱਤੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਗੋਲੀ ਨਾਲ 4 ਨੌਜਵਾਨਾਂ ਨੂੰ ਕਤਲ, 60 ਨੂੰ ਫੱਟੜ ਕਰਨ ਅਤੇ ਸੋਨਮ ਵਾਂਗਚੁਕ 'ਤੇ ਐਨ.ਐਸ.ਏ. ਲਗਾ ਕੇ ਗਿ੍ਫ਼ਤਾਰ ਕਰਨ ਦੀ ਸਖ਼ਤ ਨਿੰਦਾ ਕੀਤੀ ਗਈ ਹੈ | ਲਿਬਰੇਸ਼ਨ ਨੇ ਇਸ ਗੜਬੜ ਅਤੇ ਟਕਰਾਅ ਲਈ ਸੰਵੇਦਨਹੀਣ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਪਾਰਟੀ ਦੇ ਸੂਬਾਈ ਬੁਲਾਰੇ ਕਾ. ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਇਸ ਭੜਕਾਹਟ ਤੇ ਟਕਰਾਅ ਲਈ ਲਦਾਖ਼ੀ ਲੋਕਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਤੋਂ ਵਾਂਝੇ ਕਰਨ, ਸੰਵਿਧਾਨ ਦੀ ਪਾਲਣਾ ਨਾ ਕਰਨ, ਦੇਸ਼ ਦੇ ਫੈਡਰਲ ਢਾਂਚੇ ਨੂੰ ਪੈਰਾਂ ਹੇਠ ਰੋਲਣ ਅਤੇ ਇਸ ਦੁਰੇਡੇ ਆਦਿ-ਵਾਸੀ ਖ਼ਿੱਤੇ ਉੱਤੇ ਆਪਣੀ ਸਿਆਸੀ ਜਕੜ ਕਾਇਮ ਕਰਨ ਦੀਆਂ ਭਾਜਪਾ ਤੇ ਮੋਦੀ ਸਰਕਾਰ ਦੀਆਂ ਲਾਲਸਾਵਾਂ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ | ਉਨ੍ਹਾਂ ਸੋਨਮ ਵਾਂਗ ਚੁੱਕ 'ਤੇ ਐਨ. ਐਸ. ਏ. ਲਗਾ ਕੇ ਗਿ੍ਫ਼ਤਾਰ ਕਰਨ ਦੀ ਨਿੰਦਾ ਕੀਤੀ |