ਬੁਢਲਾਡਾ, 18 ਅਕਤੂਬਰ (ਸੁਨੀਲ ਮਨਚੰਦਾ)- ਪਿਛਲੇ ਦਿਨਾਂ ਦੌਰਾਨ ਹੋਈ ਭਾਰੀ ਬਰਸਾਤ ਅਤੇ ਹੜ੍ਹਾਂ ਦੀ ਸਥਿਤੀ ਕਾਰਨ ਹੋਏ ਫ਼ਸਲਾਂ ਦੇ ਖ਼ਰਾਬੇ ਲਈ ਵਿਧਾਇਕ ਬੁੱਧ ਰਾਮ ਵਲੋਂ ਹਲਕਾ ਬੁਢਲਾਡਾ ਦੇ 5 ਪਿੰਡਾਂ ਦੇ 64 ਕਿਸਾਨਾਂ ਨੂੰ 13 ਲੱਖ, 67 ਹਜ਼ਾਰ, 59 ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਗਏ | ਪਿੰਡ ਦਰੀਆਪੁਰ ਕਲਾਂ, ਕੁਲਾਣਾ, ਮੰਡੇਰ, ਸੰਘਰੇੜੀ ਤੇ ਕੁੱਲਰੀਆਂ-1 ਦੇ ਕਿਸਾਨਾਂ ਨੂੰ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਸੌਂਪਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਦੀ ਆਮਦਨ ਖੇਤੀ 'ਤੇ ਨਿਰਭਰ ਕਰਦੀ ਹੈ ਪਰ ਜਦੋਂ ਫ਼ਸਲ ਖ਼ਰਾਬ ਹੋ ਜਾਵੇ ਤਾਂ ਕਿਸਾਨ ਦੀ ਆਰਥਿਕ ਹਾਲਤ ਡਾਵਾਂਡੋਲ ਹੋ ਜਾਂਦੀ ਹੈ | ਵਿਧਾਇਕ ਨੇ ਕਿਹਾ ਕਿ ਤਿਉਹਾਰ ਦੇ ਸੀਜ਼ਨ ਦੌਰਾਨ ਹਰ ਕਿਸੇ ਨੂੰ ਪੈਸੇ ਦੀ ਲੋੜ ਹੁੰਦੀ ਹੈ ਤੇ ਪੰਜਾਬ ਸਰਕਾਰ ਵਲੋਂ ਦੀਵਾਲੀ ਦੇ ਤਿਉਹਾਰ ਮੌਕੇ ਪ੍ਰਭਾਵਿਤ ਹੋਈਆਂ ਫ਼ਸਲਾਂ ਲਈ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕਰਨੀ ਬਹੁਤ ਵਧੀਆ ਉਦਮ ਹੈ | ਉਨ੍ਹਾਂ ਆਖਿਆ ਕਿ ਉਹ ਹਮੇਸ਼ਾ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ ਅਤੇ ਹਰ ਕਿਸਾਨ ਨੂੰ ਫ਼ਸਲ ਦੇ ਖ਼ਰਾਬੇ ਦਾ ਬਣਦਾ ਮੁਆਵਜ਼ਾ ਦਿਵਾਇਆ ਜਾਵੇਗਾ | ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ ਵੀ ਹਾਜ਼ਰ ਸਨ |
ਵਿਧਾਇਕ ਬੁੱਧ ਰਾਮ ਨੇ ਫ਼ਸਲਾਂ ਦੇ ਖ਼ਰਾਬੇ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡੇ
ਅਜੀਤ ਡੈਸਕ
19-10-2025