ਬੁਢਲਾਡਾ, 3 ਨਵੰਬਰ (ਸਵਰਨ ਸਿੰਘ ਰਾਹੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਏ ਗਏ ਯੁਵਕ ਅਤੇ ਲੋਕ ਮੇਲੇ ਵਿਚ ਲਗਾਤਾਰ ਗਿਆਰ੍ਹਵੀਂ ਵਾਰ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ | ਇਸ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟਾਉਂਦਿਆਂ ਪਿ੍ੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਕਾਲਜ ਦੇ ਇਤਿਹਾਸ ਵਿਚ ਇਸ ਵਾਰੀ ਸਭ ਤੋਂ ਵੱਧ 279 ਨੰਬਰ ਪ੍ਰਾਪਤ ਕਰਕੇ ਇਤਿਹਾਸ ਸਿਰਜਿਆ ਹੈ | ਉਨ੍ਹਾਂ ਦੱਸਿਆ ਕਿ ਵਾਈਸ ਪਿ੍ੰਸੀਪਲ ਡਾ. ਰੇਖਾ ਕਾਲੜਾ ਅਤੇ ਯੁਵਕ ਭਲਾਈ ਵਿਭਾਗ ਦੇ ਕੋਆਰਡੀਨੇਟਰ ਗੁਰਦੀਪ ਸਿੰਘ ਦੀ ਦੇਖ ਰੇਖ ਹੇਠ ਸੰਸਥਾ ਨੇ 57 ਕਲਾਵਾਂ ਵਿਚ ਹਿੱਸਾ ਲਿਆ ਸੀ, ਜਿਨ੍ਹਾਂ ਵਿਚੋਂ 39 ਕਲਾਵਾਂ ਵਿਚ ਪਹਿਲਾ, 13 ਕਲਾਵਾਂ ਵਿਚ ਦੂਜਾ ਅਤੇ 3 ਕਲਾਵਾਂ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਨੇ ਦੱਸਿਆ ਕਿ ਇਸ ਵਰ੍ਹੇ ਵੀ ਲਗਾਤਾਰ ਸੰਗੀਤ ਕਲਾਵਾਂ, ਨਾਚ ਕਲਾਵਾਂ, ਥੀਏਟਰ ਕਲਾਵਾਂ, ਸਾਹਿਤਕ ਕਲਾਵਾਂ, ਲੋਕ ਕਲਾਵਾਂ ਅਤੇ ਕੋਮਲ ਕਲਾਵਾਂ 'ਚ ਓਵਰਆਲ ਟਰਾਫ਼ੀਆਂ ਜਿੱਤੀਆਂ ਹਨ | ਉਨ੍ਹਾਂ ਕਿਹਾ ਕਿ ਇਸ ਸਮੁੱਚੇ ਕਾਰਜ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਵਿਦਿਆ ਇੰਜ: ਹਰਿਮੰਦਰ ਸਿੰਘ ਦੇ ਨਿਰੰਤਰ ਸਹਿਯੋਗ ਨਾਲ ਹੀ ਅਜਿਹੀਆਂ ਵੱਡੀਆਂ ਸਫਲਤਾਵਾਂ ਸੰਭਵ ਹੋ ਸਕੀਆਂ ਹਨ | ਉਨ੍ਹਾਂ ਯੋਗਦਾਨ ਪਾਉਣ ਵਾਲੇ ਕਾਲਜ ਅਧਿਆਪਕ ਪ੍ਰੋ. ਸੰਦੀਪ ਕੌਰ, ਡਾ. ਮਨਪ੍ਰੀਤ ਸਿੰਘ, ਪ੍ਰੋ. ਨੀਲਮ ਰਾਣੀ, ਪ੍ਰੋ. ਮਨਦੀਪ ਕੌਰ, ਡਾ. ਗੁਰਪ੍ਰੀਤ ਸਿੰਘ, ਪ੍ਰੋ. ਗੁਰਵਿੰਦਰ ਸਿੰਘ, ਪ੍ਰੋ. ਜਗਪ੍ਰੀਤ ਸਿੰਘ, ਪ੍ਰੋ. ਸੁਖਦੀਪ ਕੌਰ, ਪ੍ਰੋ. ਹਰਜਿੰਦਰ ਕੌਰ, ਪ੍ਰੋ. ਹਰਮਨ ਕੌਰ ਅਤੇ ਪ੍ਰੋ. ਨਿਰਮਲ ਸਿੰਘ ਦੇ ਸਹਿਯੋਗ ਦੀ ਵੀ ਪ੍ਰਸੰਸਾ ਕੀਤੀ |