ਮਾਨਸਾ, 4 ਨਵੰਬਰ (ਵਿਸ਼ੇਸ਼ ਪ੍ਰਤੀਨਿਧ)- ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਬਲਕਿ ਪ੍ਰਸ਼ਾਸਨ ਵਲੋਂ ਮੁਹੱਈਆ ਕਰਵਾਈ ਜਾ ਰਹੀ ਮਸ਼ੀਨਰੀ ਦੀ ਵਰਤੋਂ ਕਰਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ 15 ਤਰ੍ਹਾਂ ਦੀ ਪ੍ਰਾਈਵੇਟ ਇੰਡਸਟਰੀ ਪਰਾਲੀ ਲੈ ਰਹੀ ਹੈ | ਪਰਾਲੀ ਪ੍ਰਬੰਧਨ ਲਈ ਸਬਸਿਡੀ 'ਤੇ ਦਿੱਤੇ 165 ਬੇਲਰ ਅਤੇ 30 ਬੇਲਰ ਪ੍ਰਾਈਵੇਟ ਤੌਰ 'ਤੇ ਪਰਾਲੀ ਪ੍ਰਬੰਧਨ ਕਰ ਰਹੇ ਹਨ | ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ 'ਚ 85 ਫੀਸਦੀ ਤੋਂ ਵੱਧ ਫਸਲ ਦੀ ਕਟਾਈ ਹੋ ਚੁੱਕੀ ਹੈ ਅਤੇ ਇਸ ਤੋਂ ਬਣੀ 58 ਫੀਸਦੀ ਪਰਾਲੀ ਦਾ ਪ੍ਰਬੰਧਨ ਵਿਭਾਗ ਵਲੋਂ ਵੱਖ-ਵੱਖ ਮਸ਼ੀਨਾਂ ਰਾਹੀਂ ਕੀਤਾ ਜਾ ਚੁੱਕਾ ਹੈ | ਇਸ ਦੇ ਨਾਲ ਹੀ ਇਨਸੀਟੂ ਤਕਨੀਕ ਨਾਲ ਪਰਾਲੀ ਪ੍ਰਬੰਧਨ ਕਰਨ ਲਈ ਵਿਭਾਗ ਵਲੋਂ ਸਬਸਿਡੀ 'ਤੇ ਦਿੱਤੀਆਂ 5048 ਮਸ਼ੀਨਾਂ ਜਿਵੇਂ ਕਿ ਪੈਡੀ ਸਟਰਾਅ ਚੌਪਰ, ਮਲਚਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਹੈਪੀ ਸੀਡਰ ਆਦਿ ਰਾਹੀਂ ਕਿਸਾਨ ਪਰਾਲੀ ਪ੍ਰਬੰਧਨ ਕਰ ਰਹੇ ਹਨ |