ਮਾਨਸਾ, 4 ਨਵੰਬਰ (ਰਾਵਿੰਦਰ ਸਿੰਘ ਰਵੀ)-ਸੰਯੁਕਤ ਕਿਸਾਨ ਮੋਰਚੇ ਪੰਜਾਬ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਭਖਦੇ ਮਸਲਿਆਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਭੇਜਿਆ ਗਿਆ | ਉਨ੍ਹਾਂ ਮੰਗ ਉਠਾਈ ਕਿ ਡੀ.ਏ.ਪੀ. ਅਤੇ ਯੂਰੀਆ ਖਾਦ ਦੀ ਸਪਲਾਈ ਸਮੇਂ ਸਿਰ ਯਕੀਨੀ ਬਣਾਉਣ ਦੇ ਨਾਲ ਹੀ ਬੇਲੋੜੀਆਂ ਖਾਦਾਂ ਦੇਣੀਆਂ ਬੰਦ ਕੀਤੀਆਂ ਜਾਣ | ਇਸ ਦੇ ਨਾਲ ਹੀ ਹੜ੍ਹਾਂ ਕਾਰਨ ਨੁਕਸਾਨੀਆਂ ਫ਼ਸਲਾਂ, ਮਕਾਨਾਂ ਅਤੇ ਮਰੇ ਪਸ਼ੂਆਂ ਦਾ ਮੁਆਵਜ਼ਾ ਦਿੱਤਾ ਜਾਵੇ, ਹਲਦੀ ਰੋਗ ਅਤੇ ਮਧਰਾ/ਬੌਨਾ ਰੋਗ ਕਾਰਨ ਝੋਨੇ ਦੇ ਘਟੇ ਹੋਏ ਝਾੜ ਦੀ ਪੂਰਤੀ ਲਈ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ | ਆਗੂਆਂ ਨੇ ਬਿਜਲੀ ਸੋਧ ਬਿੱਲ-2025 ਦੀ ਤਜਵੀਜ਼ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ | ਉਨ੍ਹਾਂ ਦੱਸਿਆ ਕਿ ਪਰਾਲੀ ਪ੍ਰਬੰਧਨ ਲਈ ਸਰਕਾਰ ਵਲੋਂ ਯੋਗ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਰਕੇ ਮਜਬੂਰਨ ਰਹਿੰਦ-ਖੂੰਹਦ ਸਾੜਨੀ ਪੈਂਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪ੍ਰਤੀ ਕੁਇੰਟਲ 200 ਰੁਪਏ ਜਾਂ 7 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਤਾਂ ਕਿਸਾਨ ਪਰਾਲੀ ਨਹੀਂ ਸਾੜਨਗੇ | ਇਸ ਮੌਕੇ ਕਿਸਾਨ ਆਗੂ ਰਾਮ ਸਿੰਘ ਭੈਣੀ, ਮਹਿੰਦਰ ਸਿੰਘ ਭੈਣੀਬਾਘਾ, ਅਮਰੀਕ ਸਿੰਘ ਫਫੜੇ, ਬੋਘ ਸਿੰਘ, ਕਰਨੈਲ ਸਿੰਘ ਮਾਨਸਾ, ਰੂਪ ਸਿੰਘ ਢਿੱਲੋਂ, ਨਿਰਮਲ ਸਿੰਘ ਸਿੰਘ ਝੰਡੂਕੇ, ਧੰਨਾ ਮੱਲ ਗੋਇਲ, ਪਰਮਜੀਤ ਸਿੰਘ ਗਾਗੋਵਾਲ, ਭਜਨ ਸਿੰਘ ਘੁੰਮਣ, ਸੱਤਪਾਲ ਬਰੇ੍ਹ, ਦਿਲਬਾਗ ਸਿੰਘ ਗੱਗੀ ਆਦਿ ਹਾਜ਼ਰ ਸਨ |