ਬੁਢਲਾਡਾ, 21 ਨਵੰਬਰ (ਸਵਰਨ ਸਿੰਘ ਰਾਹੀ)- ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਨੇੜੇ ਬੱਸ ਅੱਡਾ ਬੁਢਲਾਡਾ ਵਿਖੇ 23 ਤੋਂ 25 ਨਵੰਬਰ ਤੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੇ 350 ਸਾਲਾ ਸ਼ਹੀਦੀ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਗੁਰੂ ਘਰ ਕਮੇਟੀ ਦੇ ਮੁੱਖ ਸੇਵਾਦਾਰ ਜਥੇਦਾਰ ਗਿਆਨ ਸਿੰਘ ਗਿੱਲ ਨੇ ਦੱਸਿਆ ਕਿ ਬਾਬਾ ਤਿ੍ਲੋਕ ਸਿੰਘ ਅਤੇ ਬਾਬਾ ਦਰਸ਼ਨ ਸਿੰਘ ਕਾਰ ਸੇਵਾ ਪਟਿਆਲਾ ਵਾਲਿਆਂ ਦੀ ਦੇਖ ਰੇਖ ਹੇਠ ਕੀਤੇ ਜਾਣ ਵਾਲੇ ਇਨ੍ਹਾਂ ਤਿੰਨ ਦਿਨਾਂ ਗੁਰਪੁਰਬ ਸਮਾਗਮਾਂ ਦੌਰਾਨ ਪਹਿਲੇ ਦਿਨ ਸਵੇਰੇ 8 ਤੋਂ 10 ਵਜੇ ਤੱਕ ਧਾਰਮਿਕ ਪ੍ਰੀਖਿਆ ਅਤੇ ਦੁਪਹਿਰ 11 ਵਜੇ ਨਗਰ ਕੀਰਤਨ ਦੀ ਰਵਾਨਗੀ ਹੋਵੇਗੀ, ਨਗਰ ਕੀਰਤਨ ਦੌਰਾਨ ਕਵੀਸ਼ਰੀ ਜਥਾ ਭਾਈ ਸੁਖਚੈਨ ਸਿੰਘ ਗੁਰੂ ਸਾਹਿਬ ਜੀ ਦੀ ਜੀਵਨੀ 'ਚੋਂ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰੇਗਾ ਅਤੇ ਬਾਬਾ ਦੀਪ ਸਿੰਘ ਗਤਕਾ ਅਖਾੜਾ ਅਤੇ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਨੌਜਵਾਨ ਗਤਕੇ ਦੇ ਜੌਹਰ ਦਿਖਾਉਣਗੇ | ਅਗਲੇ ਦਿਨ ਪ੍ਰਸਿੱਧ ਕਥਾਵਾਚਕ ਭਾਈ ਸਤਨਾਮ ਸਿੰਘ ਖਡੂਰ ਸਾਹਿਬ ਵਾਲੇ ਕਵੀਸ਼ਰੀ ਜਥਾ ਭਾਈ ਸੁਖਚੈਨ ਸਿੰਘ ਅਤੇ ਸ਼ਾਮ 7 ਤੋਂ 9:30 ਵਜੇ ਤੱਕ ਭਾਈ ਜੁਝਾਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਅਖੀਰਲੇ ਦਿਨ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਕੀਰਤਨ ਦੀਵਾਨਾਂ ਵਿਚ ਗਿਆਨੀ ਜਸਵਿੰਦਰ ਸਿੰਘ ਜਵੱਦੀ ਟਕਸਾਲ ਲੁਧਿਆਣਾ, ਕਥਾਵਾਚਕ ਭਾਈ ਸਤਨਾਮ ਸਿੰਘ ਖਡੂਰ ਸਾਹਿਬ ਵਾਲੇ ਅਤੇ ਭਾਈ ਬਲਵਿੰਦਰ ਸਿੰਘ ਜੀ ਦਾ ਢਾਡੀ ਜਥਾ ਸੰਗਤਾਂ ਨੂੰ ਵਾਰਾਂ ਸੁਣਾ ਕੇ ਨਿਹਾਲ ਕਰਨਗੇ | ਇਸੇ ਦਿਨ ਦਮਦਮੀ ਟਕਸਾਲ ਦੇ ਪੰਜ ਪਿਆਰੇ ਸਾਹਿਬਾਨ ਸੰਗਤਾਂ ਨੂੰ ਅੰਮਿ੍ਤਪਾਨ ਵੀ ਕਰਵਾਉਣਗੇ |