ਬੋਹਾ, 7 ਦਸੰਬਰ (ਰਮੇਸ਼ ਤਾਂਗੜੀ)- ਬੋਹਾ ਦੇ ਦੱਖਣ ਵੱਲ 3 ਕਿਲੋਮੀਟਰ ਦੀ ਦੂਰੀ 'ਤੇ ਬੋਹਾ ਰਜਬਾਹੇ ਦੇ ਨਾਲ ਸਥਾਪਿਤ 50 ਹਜਾਰ ਗੈਲਨ ਦੀ ਸਮੱਰਥਾ ਵਾਲਾ ਜਲ ਘਰ ਇੰਨੀ ਦਿਨੀਂ ਆਖਰੀ ਪੜਾਅ 'ਚ ਕਬਾੜ ਬਣਦਾ ਜਾ ਰਿਹਾ ਹੈ | 60 ਸਾਲ ਪੁਰਾਣੇ ਜਲ ਘਰ ਦੀਆਂ ਦੋ ਟੈਂਕੀਆਂ 'ਚ ਕੇਵਲ ਇੱਕ ਕੰਮ ਕਰਦੀ ਹੈ | ਇਸੇ ਤਰਾਂ ਜਲ ਘਰ 'ਤੇ ਬਣਾਏ ਚਾਰ ਫਿਲਟਰ ਟੈਂਕ ਅਤੇ ਉੱਚੀ ਟੈਂਕੀ ਵੀ ਲੰਬੇ ਸਮੇਂ ਤੋਂ ਬੰਦੀ ਪਈ ਹੈ | ਜਲ ਘਰ ਅੰਦਰ ਇੱਕ ਦਰਜਨ ਤੋਂ ਵੱਧ ਮੋਟਰਾਂ ਪਈਆਂ ਹਨ, ਪਰ ਕੇਵਲ ਇੱਕ ਦੋ ਮੋਟਰਾਂ ਤੋ ਹੀ ਕੰਮ ਲਿਆ ਜਾਂਦਾ ਹੈ | ਜਲ ਘਰ ਦੇ ਓਪਨ ਟੈਕਾਂ 'ਚ ਕਈ ਪ੍ਰਕਾਰ ਦੇ ਨਦੀਨ ਅਤੇ ਪੰਛੀ ਅਕਸਰ ਹੀ ਵੇਖੇ ਜਾਂਦੇ ਹਨ, ਜਿਸ ਨਾਲ ਇਨ੍ਹਾਂ ਟੈਕਾਂ 'ਚ ਗੰਦ ਫੈਲਦਾ ਰਹਿੰਦਾ ਹੈ | ਜਲ ਦੀ ਮਸ਼ੀਨਰੀ ਅੱਧ-ਪੱਚਧੀ ਚੱਲਣ ਕਾਰਨ ਕਦੇ ਵੀ ਪੂਰੀ ਪ੍ਰਕਿਰਿਆ ਨਾਲ ਪਾਣੀ ਸਾਫ਼ ਕਰ ਕੇ ਨਹੀਂ ਛੱਡਿਆ ਜਾਂਦਾ | ਜਲ ਘਰ ਦੀ 8 ਏਕੜ ਥਾਂ ਦੀ ਕੋਈ ਚਾਰਦਿਵਾਰੀ ਨਹੀਂ ਹੈ, ਸਗੋਂ ਭੇਡਾਂ, ਬੱਕਰੀਆਂ ਅਤੇ ਪਸੂ ਇੱਥੇ ਹੀ ਫਿਰਦੇ ਰਹਿੰਦੇ ਹਨ | ਮਾਲੀ, ਚੌਕੀਦਾਰ, ਫਿਟਰ, ਅਪਰੇਟਰ ਆਦਿ ਸਮੇਤ ਲੋੜੀਂਦੇ 8-10 ਮੁਲਾਜਮਾਂ 'ਚੋਂ ਕੇਵਲ ਦੋ ਹੀ ਕੰਮ ਕਰਦੇ ਹਨ | ਜਲ ਘਰ ਅੰਦਰ ਟੈਕਾਂ ਅਤੇ ਟੈਂਕੀਆਂ ਵਿਚਕਾਰ ਕੋਈ ਰਸਤਾ ਨਹੀਂ ਹੈ ਅਤੇ ਵੱਡੇ ਹੋਏ ਘਾਹ 'ਚ ਸੱਪਾਂ, ਨਿਓਲਿਆਂ ਅਤੇ ਹੋਰ ਜਾਨਵਰਾਂ ਦੀਆਂ ਖੁੱਡਾਂ ਤੋਂ ਹਮੇਸ਼ਾਂ ਡਰ ਬਣਿਆ ਰਹਿੰਦਾ ਹੈ | ਬੋਹਾ ਤੋਂ ਜਲ ਘਰ ਤੱਕ 3-4 ਕਿਲੋਮੀਟਰ ਤੱਕ ਕੋਈ ਪੱਕਾ ਰਸਤਾ ਨਹੀਂ ਹੈ, ਸਗੋਂ ਖੇਤਾਂ 'ਚੋਂ ਕੱਚੇ ਰਸਤੇ ਪੈ ਕੇ ਪਹੁੰਚਣਾ ਪੈਂਦਾ ਹੈ | ਕੋਲੋਂ ਲੰਘਦੀ ਨਹਿਰ 'ਤੇ ਜਲ ਘਰ ਕੋਲ ਕੋਈ ਆਰਜੀ ਪੁੱਲ ਵੀ ਨਹੀਂ ਬਣਾਇਆ ਹੋਇਆ | ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀ ਦੂਰੋਂ ਹੀ ਝਾਤੀ ਮਾਰ ਕੇ ਮੁੜਦੇ ਹਨ | ਨਹਿਰੀ ਪਟੜੀਆਂ ਵੀ ਸਹੀ ਨਹੀਂ ਬਣੀਆਂ ਹੋਈਆਂ | ਹੁਣ ਜਦੋਂ ਜਲ ਘਰ ਸਥਿਤ ਚਾਰ ਫਿਲਟਰਾਂ ਦੀ ਮੁਰੰਮਤ ਦਾ ਕੰਮ ਚਲ ਰਿਹਾ ਹੈ ਤਾਂ ਉਥੇ ਲੋੜੀਦੇ ਸਮਾਨ ਦੀ ਪਹੁੰਚ ਕਰਨ ਸਮੇਂ ਭਾਰੀ ਮੁਸੀਬਤ ਆਉਂਦੀ ਹੈ | ਲੋਕਾਂ ਵਲੋਂ ਵਾਰ-ਵਾਰ ਮੰਗ ਕਰਨ 'ਤੇ ਹੀ ਫਿਲਟਰਾਂ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਮੌਜੂਦਾ ਸਮੇਂ ਬੋਹਾ ਰਜਬਾਹਾ ਬੰਦ ਹੋਣ ਕਰਕੇ ਜਲ ਘਰਾਂ ਨੰ ਨਹਿਰੀ ਪਾਣੀ ਨਹੀਂ ਮਿਲ ਰਿਹਾ | ਖੇਤਰ ਦੇ ਲੋਕਾਂ ਲਈ ਨਹਿਰੀ ਪਾਣੀ ਦੀ ਬੰਦੀ ਸਭ ਤੋਂ ਵੱਡਾ ਸਕੰਟ ਹੈ | ਜਲ ਘਰ ਦੀਆਂ 15-20 ਕਿਲੋਮੀਟਰਾਂ 'ਚ ਫੈਲੀਆਂ ਜਮੀਨਦੋਜ ਪਾਈਪਾਂ ਥਾਂ-ਥਾਂ ਤੋਂ ਲੀਕ ਹਨ | ਲੋਕਾਂ ਨੂੰ ਸਮਰਸੀਬਲ ਮੋਟਰਾਂ ਤੋਂ ਹੀ ਸਿੱਧਾ ਪਾਣੀ ਪਿਲਾਇਆ ਜਾਂਦਾ ਹੈ | ਧਰਤੀ ਹੇਠਲਾ ਪਾਣੀ ਖਾਰਾ ਤੇ ਕੋੜਾ ਹੋਣ ਕਾਰਨ ਵੀ ਜਲ ਘਰ ਦੀ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਕੀਤਾ ਜਾਂਦਾ |