ਬੁਢਲਾਡਾ, 17 ਦਸੰਬਰ (ਸੁਨੀਲ ਮਨਚੰਦਾ)- ਸ਼ਹਿਰ ਦੇ ਵਾਰਡ ਨੰਬਰ 16 ਤੇ 18 'ਚੋਂ ਗੰਦਗੀ ਦਾ ਡੰਪ ਹਟਾਉਣ ਲਈ ਬਣਾਈ ਗਈ ਐਕਸ਼ਨ ਕਮੇਟੀ ਬੁਢਲਾਡਾ ਵਲੋਂ ਆਰੰਭੇ ਸੰਘਰਸ਼ ਤਹਿਤ ਲੜੀਵਾਰ ਰੋਸ ਧਰਨੇ ਨੂੰ ਤੀਜੇ ਦਿਨ ਨਗਰ ਸੁਧਾਰ ਸਭਾ ਬੁਢਲਾਡਾ ਵਲੋਂ ਪੂਰਨ ਸਮਰਥਨ ਮਿਲਿਆ | ਐਕਸ਼ਨ ਕਮੇਟੀ ਨੇ ਨਗਰ ਸੁਧਾਰ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਗੰਦਗੀ ਦੇ ਡੰਪ ਨੂੰ ਹਟਾਉਣ ਲਈ ਡਟ ਕੇ ਲੜਾਈ ਲੜਨਗੇ | ਇਸ ਮੌਕੇ ਸਭਾ ਦੇ ਸੀਨੀਅਰ ਆਗੂਆਂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਪ੍ਰੇਮ ਸਿੰਘ ਦੋਦੜਾ ਨੇ ਕਿਹਾ ਕਿ ਇਹ ਡੰਪ ਧਾਰਮਿਕ ਸੰਸਥਾਵਾਂ ਦੇ ਨੇੜੇ ਹੋਣ ਕਾਰਨ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਕਾਫ਼ੀ ਦਿੱਕਤ ਆਉਂਦੀ ਹੈ ਅਤੇ ਲੋਕਾਂ ਦਾ ਰਹਿਣਾ ਮੁਸ਼ਕਲ ਹੋਇਆ ਪਿਆ ਹੈ | ਐਡਵੋਕੇਟ ਦਲਿਓ ਨੇ ਕਿਹਾ ਕਿ ਇਹ ਡੰਪ ਸ਼ਹਿਰ ਤੋਂ ਬਾਹਰ ਕੱਢਣਾ ਚਾਹੀਦਾ ਹੈ | ਇਸ ਮੰਗ ਨੂੰ ਲੈ ਕੇ ਕਈ ਮਹੀਨਿਆਂ ਤੋਂ ਦੋਵੇਂ ਵਾਰਡਾਂ ਦੇ ਕੌਂਸਲਰ ਅਤੇ ਵਾਸੀ ਸਰਕਾਰੇ ਦਰਬਾਰੇ ਜਾ ਕੇ ਗੁਹਾਰ ਲਗਾ ਚੁੱਕੇ ਹਨ ਪਰ ਨਗਰ ਕੌਂਸਲ, ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਘੂਕ ਸੁੱਤੀ ਪਈ ਹੈ | ਉਨ੍ਹਾਂ ਕਿਹਾ ਕਿ ਭਵਿੱਖ 'ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਕੌਂਸਲਰ ਸੁਖਦੀਪ ਸਿੰਘ ਸੋਨੀ ਅਤੇ ਹਰਵਿੰਦਰਜੀਤ ਸਿੰਘ ਚਹਿਲ ਨੇ ਕਿਹਾ ਕਿ ਇਹ ਡੰਪ ਨਿਯਮਾਂ ਵਿਰੁੱਧ ਹੈ ਅਤੇ ਗੰਦਗੀ ਕਾਰਨ ਲੋਕਾਂ ਦਾ ਆਪਣੇ ਘਰਾਂ 'ਚ ਰਹਿਣਾ ਦੁੱਭਰ ਹੋਇਆ ਪਿਆ ਹੈ | ਇਸ ਦੌਰਾਨ ਹਰਦਿਆਲ ਸਿੰਘ ਦਾਤੇਵਾਸ, ਚਰਨਜੀਤ ਸਿੰਘ ਚੰਨੀ ਪ੍ਰਧਾਨ ਰਾਮਗੜ੍ਹੀਆ ਗੁਰਦੁਆਰਾ ਸਾਹਿਬ, ਕਪਿਲ ਕੁਮਾਰ, ਦਵਿੰਦਰ ਸਿੰਘ, ਕਰਮਜੀਤ ਸਿੰਘ, ਤੇਜਿੰਦਰ ਸਿੰਘ, ਲਖਵਿੰਦਰ ਸਿੰਘ, ਹਰੀ ਚੰਦ, ਗੁਰਦੀਪ ਸਿੰਘ ਆਦਿ ਹਾਜ਼ਰ ਸਨ |
ਸ਼ਹਿਰ 'ਚ ਲੱਗਿਆ ਕੂੜੇ ਦਾ ਡੰਪ ਹਟਾਉਣ ਲਈ ਲਗਾਇਆ ਧਰਨਾ ਤੀਜੇ ਦਿਨ ਵੀ ਜਾਰੀ <br/>
ਅਜੀਤ ਡੈਸਕ
18-12-2025