ਬੋਹਾ, 17 ਦਸੰਬਰ (ਰਮੇਸ਼ ਤਾਂਗੜੀ)- ਥਾਣਾ ਬੋਹਾ ਦੀ ਗਸ਼ਤੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਦਬੋਚ ਕੇ ਉਨ੍ਹਾਂ ਦੇ ਕਬਜ਼ੇ 'ਚੋਂ 2 ਕਿੱਲੋ 726 ਗ੍ਰਾਮ ਅਫ਼ੀਮ ਅਤੇ 53 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਕਾਬੂ ਕਰ ਲਿਆ ਹੈ | ਐੱਸ.ਐੱਚ.ਓ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਬੋਹਾ ਦੀ ਗਸ਼ਤੀ ਟੋਲੀ ਜਦੋਂ ਬੋਹਾ-ਸੈਦੇਵਾਲਾ ਸੰਪਰਕ ਸੜਕ 'ਤੇ ਗਸ਼ਤ ਕਰ ਰਹੀ ਸੀ ਤਾਂ ਸ਼ੱਕੀ ਹਾਲਤ 'ਚ ਉਨ੍ਹਾਂ ਤਿੰਨ ਵਿਅਕਤੀਆਂ ਨੂੰ ਰੋਕ ਕੇ ਪੁੱਛ-ਗਿੱਛ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਕਬਜ਼ੇ 'ਚੋਂ 2 ਕਿੱਲੋ 726 ਗ੍ਰਾਮ ਅਫ਼ੀਮ ਅਤੇ 53 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ | ਵਿਅਕਤੀਆਂ ਦੀ ਪਹਿਚਾਣ ਜਸਵੰਤ ਸਿੰਘ ਪੁੱਤਰ ਬਖਤੌਰ ਸਿੰਘ ਪੁੱਤਰ ਪੰਨੂ ਸਿੰਘ ਵਾਸੀ ਟੋਡਰਪੁਰ, ਸੁਖਵਿੰਦਰ ਸਿੰਘ ਉਰਫ਼ ਕਾਲਾ ਪੁੱਤਰ ਬਖਤੌਰ ਸਿੰਘ ਪੁੱਤਰ ਪੰਨੂ ਸਿੰਘ ਵਾਸੀ ਟੋਡਰਪੁਰ ਅਤੇ ਕੁਲਵੀਰ ਸਿੰਘ ਉਰਫ਼ ਸੋਨੀ ਪੁੱਤਰ ਮੱਖਣ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਸੰਘ ਪੱਤੀ ਰੋੜੀ ਜ਼ਿਲ੍ਹਾ ਸਿਰਸਾ ਵਜੋਂ ਹੋਈ ਹੈ | ਪੁਲਿਸ ਨੇ ਤਿੰਨਾਂ ਨੂੰ ਗਿ੍ਫ਼ਤਾਰ ਕਰ ਕੇ ਥਾਣਾ ਬੋਹਾ 'ਚ ਮੁਕੱਦਮਾ ਨੰਬਰ 218 ਮਿਤੀ 16-12-2025 ਤਹਿਤ ਅ/ਧ 18/6/85 ਐਨ.ਡੀ.ਪੀ.ਐੱਸ ਐਕਟ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ 'ਚ ਥਾਣਾ ਬੋਹਾ 'ਚ ਬਤੌਰ ਸਬ-ਇੰਸਪੈਕਟਰ ਸਵਰਨ ਕੌਰ 168 ਨੂੰ ਤਫ਼ਤੀਸ਼ ਅਫ਼ਸਰ ਨਿਯੁਕਤ ਕਰ ਕੇ ਮਾਮਲੇ ਦੀ ਡੂੰਘਾਈ ਨਾਲ ਪੁਣਛਾਣ ਕੀਤੀ ਜਾ ਰਹੀ ਹੈ |