ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਪਦ ਲਈ ਚਹਿਲ ਤੇ ਦੰਦੀਵਾਲ ਦਾ ਫਸ ਸਕਦੈ ਪੇਚ <br/>
ਅਜੀਤ ਡੈਸਕ
20-12-2025
ਮਾਨਸਾ, 19 ਦਸੰਬਰ- ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਦੇ ਅਹੁਦੇ ਲਈ 2 ਨੌਜਵਾਨ ਆਗੂਆਂ 'ਚ ਦੌੜ ਤੇਜ਼ ਹੋ ਗਈ ਹੈ | ਭਾਵੇਂ ਹਾਲੇ ਨੋਟੀਫ਼ਿਕੇਸ਼ਨ ਹੋਣਾ ਹੈ ਅਤੇ ਪੰਜਾਬ ਸਰਕਾਰ ਨੇ ਆਪਣੀ ਨੀਤੀ ਅਨੁਸਾਰ ਰਾਜ ਭਰ ਦੇ ਮੈਂਬਰਾਂ ਨੂੰ ਇਕੱਠਿਆਂ ਸਹੁੰ ਵੀ ਚੁਕਾਉਣੀ ਹੈ ਅਤੇ 22 ਜ਼ਿਲ੍ਹਾ ਪ੍ਰੀਸ਼ਦਾਂ ਲਈ ਚੇਅਰਮੈਨ ਪਦ ਦਾ ਰਾਖਵਾਂਕਰਨ ਵੀ ਹੋਵੇਗਾ ਪਰ ਜ਼ਿਲੇ੍ਹ ਦੇ 2 ਆਪ ਆਗੂ ਅਗਾਊਾ ਹੀ ਪੱਬਾਂ ਭਾਰ ਹੋ ਗਏ ਹਨ | ਦੱਸ ਦੇਈਏ ਕਿ ਜ਼ਿਲ੍ਹੇ 'ਚ ਕੁੱਲ 11 ਜ਼ੋਨ ਹਨ | ਆਮ ਆਦਮੀ ਪਾਰਟੀ ਦੇ 7 ਉਮੀਦਵਾਰ ਜੇਤੂ ਰਹੇ ਹਨ ਅਤੇ 4 ਜ਼ੋਨ ਸ਼ੋ੍ਰਮਣੀ ਅਕਾਲੀ ਦਲ ਦੇ ਹਿੱਸੇ ਆਏ ਹਨ | ਇਸ 'ਚ ਦੋ ਰਾਵਾਂ ਨਹੀਂ ਕਿ ਚੇਅਰਮੈਨ ਸੱਤਾਧਾਰੀ ਧਿਰ ਹੀ ਬਣੇਗਾ | ਇਸੇ ਕਰ ਕੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਮਾਲਵਾ ਪੱਛਮੀ ਦੇ ਕੋਆਰਡੀਨੇਟਰ ਚੁਸਪਿੰਦਰਵੀਰ ਸਿੰਘ ਭੁਪਾਲ ਤੇ ਪਾਰਟੀ ਦੇ ਟਰੇਡ ਵਿੰਗ ਦੇ ਸੂਬਾ ਸਕੱਤਰ ਹਰਜੀਤ ਸਿੰਘ ਦੰਦੀਵਾਲ ਚੇਅਰਮੈਨ ਬਣਨ ਲਈ ਪੂਰੀ ਭੱਜ ਦੌੜ ਕਰ ਰਹੇ ਹਨ | ਉਹ ਆਪਣੇ ਅਕਾਵਾਂ ਕੋਲ ਹਾਜ਼ਰੀ ਭਰਨ ਲੱਗੇ ਹਨ | ਕਾਬਲੇ-ਗ਼ੌਰ ਰਹੇ ਕਿ ਚਹਿਲ ਨੇ ਆਪਣੇ ਵਿਧਾਨ ਸਭਾ ਹਲਕੇ ਤੋਂ ਬਾਹਰਲੇ ਜ਼ੋਨ 'ਚ ਚੋਣ ਲੜ ਕੇ ਦਮਖਮ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ | ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਸਲਾਹਕਾਰ ਦੇ ਖ਼ੁਦ ਨੂੰ ਨੇੜੇ ਸਮਝਦੇ ਹੋਏ ਇਸ ਅਹੁਦੇ 'ਤੇ ਦਾਅਵੇਦਾਰੀ ਜਤਾ ਰਹੇ ਹਨ | ਦੂਸਰੇ ਪਾਸੇ ਦੰਦੀਵਾਲ ਟਕਸਾਲੀ ਵਰਕਰ ਹਨ ਅਤੇ ਉਹ 2014 'ਚ ਪਾਰਟੀ ਨਾਲ ਜੁੜੇ ਹੋਏ ਹਨ | ਆਪ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ ਸਮੇਤ 2 ਵਿਧਾਇਕਾਂ ਦਾ ਉਸ ਨੂੰ ਆਸ਼ੀਰਵਾਦ ਪ੍ਰਾਪਤ ਹੈ | ਦੰਦੀਵਾਲ ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ ਦੇ ਭਰੋਸੇਯੋਗ ਵੀ ਸਮਝੇ ਜਾਂਦੇ ਹਨ | ਉੱਧਰ ਰਾਜਸੀ ਹਲਕਿਆਂ 'ਚ ਇਹ ਚਰਚਾ ਭਾਰੂ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਾ ਪਦ ਜਨਰਲ ਰਹੇਗਾ ਜਾਂ ਅਨੁਸੂਚਿਤ ਜਾਤੀ/ਔਰਤਾਂ ਲਈ ਰਾਖਵਾਂ ਹੋਵੇਗਾ | ਜ਼ਿਕਰ ਕਰਨਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸ ਆਗੂ ਅਜੀਤ ਸਿੰਘ ਮੋਫਰ ਦੇ ਫ਼ਰਜ਼ੰਦ ਤੇ ਹਲਕਾ ਸਰਦੂਲਗੜ੍ਹ ਦੇ ਇੰਚਾਰਜ ਬਿਕਰਮ ਸਿੰਘ ਮੋਫਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਹੇ ਹਨ ਜਦਕਿ ਅਕਾਲੀ ਦਲ ਦੀ ਸਰਕਾਰ ਸਮੇਂ ਸ਼ੋ੍ਰਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਦੇ ਪੁੱਤਰ ਤੇ ਹਲਕਾ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਵੀ ਇਸ ਅਹੁਦੇ 'ਤੇ ਬਿਰਾਜਮਾਨ ਰਹੇ ਹਨ | ਆਮ ਆਦਮੀ ਪਾਰਟੀ ਦੇ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਭਾਵੇਂ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦਾ ਚੇਅਰਮੈਨ ਕੋਈ ਵੀ ਬਣੇ ਪਰ ਹੋਵੇਗਾ ਆਮ ਘਰਾਂ ਦਾ ਮੁੰਡਾ ਜਾਂ ਧੀ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਲੀਡਰਾਂ ਦੇ ਧੀ/ਪੁੱਤ ਹੀ ਚੇਅਰਮੈਨੀ ਦਾ ਅਨੰਦ ਮਾਣਦੇ ਰਹੇ ਹਨ |