ਬੁਢਲਾਡਾ, 20 ਦਸੰਬਰ (ਸਵਰਨ ਸਿੰਘ ਰਾਹੀ)-ਹਲਕਾ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਵਾਰਡ ਨੰਬਰ 16 ਤੇ 18 ਦੇ ਵਸਨੀਕਾਂ ਨੂੰ ਕੂੜੇ ਦੇ ਡੰਪ ਪ੍ਰਤੀ ਗੁੰਮਰਾਹ ਕਰ ਕੇ ਸਰਕਾਰ ਪ੍ਰਤੀ ਭੜਕਾਉਣ ਲਈ ਰਾਜਨੀਤੀ ਕੀਤੀ ਜਾ ਰਹੀ ਹੈ ਜਦਕਿ ਇਸ ਮਸਲੇ ਦਾ ਹੱਲ ਕੌਂਸਲਰ ਮੀਟਿੰਗ ਰਾਹੀਂ ਵਿਚਾਰ ਵਟਾਂਦਰਾ ਕਰ ਕੇ ਕੱਢ ਸਕਦੇ ਹਨ, ਜਿਸ ਦਾ ਉਹ ਵੀ ਸਮਰਥਨ ਕਰਨਗੇ | ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਉਹ ਹਲਕੇ ਦੇ ਪਿੰਡਾਂ/ਸ਼ਹਿਰਾਂ ਦਾ ਵਿਕਾਸ ਬਰਾਬਰਤਾ ਦੇ ਆਧਾਰ 'ਤੇ ਕਰਵਾ ਰਹੇ ਹਨ | ਉਨ੍ਹਾਂ ਕਿਹਾ ਕਿ ਕੂੜੇ ਦਾ ਡੰਪ ਅੱਜ ਦਾ ਨਹੀਂ ਬਲਕਿ ਡੇਢ-2 ਦਹਾਕਿਆਂ ਤੋਂ ਪਹਿਲਾਂ ਦਾ ਹੈ | ਉਨ੍ਹਾਂ ਵਾਰਡ ਵਾਸੀਆਂ ਤੇ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਧਰਨੇ ਦੀ ਬਜਾਏ ਮਿਲ-ਬੈਠ ਕੇ ਹੱਲ ਲੱਭਿਆ ਜਾਵੇ | ਵਿਧਾਇਕ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ਼ਹਿਰ ਦੇ ਵਿਕਾਸ ਲਈ 7 ਕਰੋੜ ਰੁਪਏ ਦੇ ਕੰਮਾਂ ਦੇ ਟੈਂਡਰ ਲਗਵਾਏ ਸਨ ਪਰ ਟੈਂਡਰਾਂ ਨੂੰ ਪ੍ਰਧਾਨ ਸਣੇ 9 ਕੌਂਸਲਰਾਂ ਵਲੋਂ ਪਾਸ ਹੀ ਨਹੀਂ ਹੋਣ ਦਿੱਤਾ ਗਿਆ | ਉਨ੍ਹਾਂ ਕੌਂਸਲਰਾਂ ਨੂੰ ਕੂੜੇ ਦੇ ਡੰਪ ਦੇ ਹੱਲ ਸਮੇਤ ਸ਼ਹਿਰ ਦੇ ਵਿਕਾਸ ਲਈ ਸਾਂਝਾ ਯਤਨ ਜੁਟਾਉਣ ਲਈ ਕਿਹਾ | ਉਨ੍ਹਾਂ ਕਿਹਾ ਕਿ 2 ਮਹੀਨੇ ਬਾਅਦ ਕੌਂਸਲ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਸਾਰਿਆਂ ਨੂੰ ਲੋਕਾਂ ਵਿਚ ਹੀ ਜਾਣਾ ਪਵੇਗਾ | ਇਸ ਮੌਕੇ ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਕੁਮਾਰ ਸਿੰਗਲਾ, 'ਆਪ' ਆਗੂ ਬਲਜਿੰਦਰ ਕੁਮਾਰ ਹਾਜ਼ਰ ਸਨ |