ਸਰਦੂਲਗੜ੍ਹ, 21 ਦਸੰਬਰ (ਜੀ.ਐੱਮ ਅਰੋੜਾ)-ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਵਲੋਂ ਪਿੰਡ ਝੰਡਾ ਖ਼ੁਰਦ ਵਿਖੇ ਇਕੱਤਰਤਾ ਕੀਤੀ ਗਈ | ਆਗੂਆਂ ਨੇ ਪੰਜਾਬ ਸਰਕਾਰ ਵਲੋਂ ਅੰਗਹੀਣ ਵਰਗ ਨਾਲ ਅਪਣਾਏ ਜਾ ਰਹੇ ਮਤਰੇਈ ਮਾਂ ਵਾਲੇ ਰਵੱਈਏ ਦਾ ਵਿਰੋਧ ਕੀਤਾ | ਬਲਾਕ ਸਰਦੂਲਗੜ੍ਹ ਦੇ ਪ੍ਰਧਾਨ ਅਸੀਮ ਗੋਇਲ ਨੇ ਦਿਵਿਆਂਗਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਅਤੇ ਅਧਿਕਾਰਾਂ ਬਾਰੇ ਦੱਸਦਿਆਂ ਦੋਸ਼ ਲਗਾਇਆ ਕਿ ਆਪ ਸਰਕਾਰ ਲਗਾਤਾਰ ਦਿਵਿਆਂਗਾਂ ਨੂੰ ਖ਼ੱਜਲ਼-ਖ਼ੁਆਰ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਭਰੋਸਾ ਦੇਣ ਵਾਲੀ ਆਮ ਆਦਮੀ ਪਾਰਟੀ ਸੱਤਾ ਹਾਸਿਲ ਕਰ ਕੇ ਚੋਣ ਵਾਅਦਿਆਂ ਤੋਂ ਮੁੱਕਰ ਗਈ ਹੈ | ਉਨ੍ਹਾਂ ਕਿਹਾ ਕਿ ਦਿਵਿਆਂਗਾਂ ਪ੍ਰਤੀ ਸਰਕਾਰ ਦੇ ਨਕਾਰਾਤਮਕ ਰਵੱਈਏ ਕਾਰਨ ਹੀ ਉਨ੍ਹਾਂ ਦੀਆਂ ਹਜ਼ਾਰਾਂ ਰਾਖਵੀਂਆਂ ਅਸਾਮੀਆਂ ਖ਼ਾਲੀ ਪਈਆਂ ਹਨ ਅਤੇ ਉਨ੍ਹਾਂ ਅਸਾਮੀਆਂ ਨੂੰ ਭਰਿਆ ਨਹੀਂ ਜਾ ਰਿਹਾ ਜਦਕਿ ਨੌਕਰੀਆਂ ਲੈਣ ਲਈ ਉਨ੍ਹਾਂ ਦੀਆਂ ਉਮਰਾਂ ਲੰਘ ਰਹੀਆਂ ਹਨ | ਇਸ ਮੌਕੇ ਪਿੰਡ ਇਕਾਈ ਦੀ ਚੋਣ 'ਚ ਮੰਗਲ ਸਿੰਘ ਨੂੰ ਪ੍ਰਧਾਨ ਅਤੇ ਬਲਵਿੰਦਰ ਸਿੰਘ ਨੂੰ ਸਕੱਤਰ ਚੁਣਿਆ ਗਿਆ |
ਅੰਗਹੀਣਾਂ ਨੇ ਪੰਜਾਬ ਸਰਕਾਰ 'ਤੇ ਵਾਅਦਿਆਂ ਤੋਂ ਮੁਕਰਨ ਦੇ ਲਗਾਏ ਦੋਸ਼ <br/>
ਅਜੀਤ ਡੈਸਕ
22-12-2025