ਬੁਢਲਾਡਾ, 21 ਦਸੰਬਰ (ਸਵਰਨ ਸਿੰਘ ਰਾਹੀ)- ਭਾਈ ਜੈਤਾ ਜੀ ਫਾਊਾਡੇਸ਼ਨ ਇੰਡੀਆ ਵਲੋਂ ਕਰਵਾਈ ਗਈ ਸਾਲਾਨਾ ਸਟਾਰ ਸਕਾਲਰਸ਼ਿਪ ਅਤੇ ਗੁਰੂ ਨਾਨਕ ਫੈਲੋਸ਼ਿਪ ਪ੍ਰੋਗਰਾਮ ਲਈ ਮਾਨਸਾ ਅਤੇ ਸੰਗਰੂਰ ਜ਼ਿਲਿ੍ਹਆਂ ਨਾਲ ਸੰਬੰਧਿਤ 400 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ | ਸੰਸਥਾ ਦੇ ਜ਼ਿਲ੍ਹਾ ਕੋਆਰਡੀਨੇਟਰ ਪ੍ਰੋਫੈਸਰ ਸਤਨਾਮ ਸਿੰਘ ਬੱਛੋਆਣਾ ਨੇ ਦੱਸਿਆ ਕਿ ਇਹ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਹਿਸਾਬ, ਕੈਮਿਸਟਰੀ, ਫਿਜ਼ਿਕਸ, ਬਾਇਉਲੋਜੀ ਅਤੇ ਪੰਜਾਬੀ ਭਾਸ਼ਾ ਵਿਸ਼ਿਆਂ 'ਚ ਇੰਟਰਵਿਊ ਰਾਹੀ ਮੈਰਿਟ ਅਤੇ ਪਾਰਦਰਸ਼ੀ ਆਧਾਰ 'ਤੇ ਚੋਣ ਹੋਵੇਗੀ | ਚੁਣੇ ਜਾਣ ਵਾਲੇ ਵਿਦਿਆਰਥੀਆਂ ਨੂੰ ਨੀਟ, ਜੇ.ਈ, ਕੈਟ ਅਤੇ ਕਲੈਟ ਵਰਗੀਆਂ ਵਕਾਰੀ ਪ੍ਰਵੇਸ਼ ਪ੍ਰੀਖਿਆਵਾਂ ਦੀ ਤਿਆਰੀ ਤੇ ਅਗਲੇਰੀ ਉੱਚ ਪੜਾਈ ਲਈ ਸਕਾਲਰਸ਼ਿਪ ਦਿੱਤੀ ਜਾਂਦੀ ਹੈ | ਹੁਣ ਤੱਕ ਪੰਜਾਬ ਦੇ 450 ਤੋਂ ਵੱਧ ਵਿਦਿਆਰਥੀ ਇਸ ਸਕਾਲਰਸ਼ਿਪ ਯੋਜਨ ਤਹਿਤ ਜੇ.ਈ ਅਤੇ ਨੀਟ ਦੀ ਪ੍ਰੀਖਿਆ ਪਾਸ ਕਰ ਕੇ ਪਹਿਲੇ ਦਰਜੇ ਦੀਆਂ ਸਿੱਖਿਆ ਸੰਸਥਾਵਾਂ 'ਚ ਦਾਖ਼ਲੇ ਲੈ ਕੇ ਪ੍ਰੋਫੈਸ਼ਨਲ ਜੀਵਨ ਦੀ ਸ਼ੁਰੂਆਤ ਕਰ ਚੁੱਕੇ ਹਨ | ਨਿਰਮਲ ਸਿੰਘ ਬਰੇਟਾ ਦੀ ਅਗਵਾਈ ਹੇਠਾਂ ਸਮੁੱਚੇ ਪ੍ਰੀਖਿਆ ਪ੍ਰਬੰਧਾਂ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜਿ੍ਹਆ ਗਿਆ | ਇਸ ਕਾਰਜ ਲਈ ਪਿ੍ੰਸੀਪਲ ਡਾ. ਨਰਿੰਦਰ ਸਿੰਘ, ਬਾਬਾ ਸਵਰਨ ਸਿੰਘ ਚੱਕ ਭਾਈਕੇ, ਪ੍ਰੋਫੈਸਰ ਗੁਰਦੀਪ ਸਿੰਘ, ਪਿ੍ੰਸੀਪਲ ਦਰਸ਼ਨ ਸਿੰਘ ਬਰੇਟਾ, ਡਾ. ਕਰਨੈਲ ਵੈਰਾਗੀ, ਜਗਦੀਸ਼ ਕੁਲਰੀਆਂ, ਡਾ. ਭਿਵਾਨੀ ਸ਼ੰਕਰ, ਡਾ. ਬੂਟਾ ਸਿੰਘ, ਮਾਤਾ ਗੁਜਰੀ ਭਲਾਈ ਕਲੱਬ ਦੇ ਮੁੱਖ ਸੇਵਾਦਾਰ ਕੁਲਵੰਤ ਸਿੰਘ, ਜਸਵਿੰਦਰ ਸਿੰਘ ਨੰਬਰਦਾਰ, ਕਰਮਜੀਤ ਕੌਰ ਬੱਛੋਆਣਾ, ਜਸਨੂਰ ਕੌਰ ਰੋਪੜ, ਜੋਗਿੰਦਰ ਸਿੰਘ ਬਰ੍ਹੇ ਆਦਿ ਨੇ ਪ੍ਰੀਖਿਆ ਪ੍ਰਬੰਧਾਂ ਲਈ ਵਿਸ਼ੇਸ਼ ਸਹਿਯੋਗ ਦਿੱਤਾ |