ਬੋਹਾ, 29 ਦਸੰਬਰ (ਰਮੇਸ਼ ਤਾਂਗੜੀ)-ਕਸਬਾ ਬੋਹਾ 'ਚ ਨਵੀਂ ਵਾਰਡਬੰਦੀ ਨੂੰ ਲੈ ਕੇ ਲੋਕਾਂ 'ਚ ਰੋਸ ਵਧ ਗਿਆ ਹੈ | ਉਨ੍ਹਾਂ ਇਕੱਠੇ ਹੋ ਕੇ ਈ.ਓ. ਦਫ਼ਤਰ ਅੱਗੇ ਭਾਰੀ ਰੋਹ ਪ੍ਰਗਟਾਉਂਦਿਆਂ ਸਰਕਾਰ ਤੇ ਅਧਿਕਾਰੀਆਂ ਖ਼ਿਲਾਫ਼ ਭੜਾਸ ਕੱਢੀ | ਈ.ਓ. ਦੇ ਨਾਂਅ 'ਤੇ ਮੰਗ ਪੱਤਰ ਵੀ ਦਿੱਤਾ ਗਿਆ | ਸੰਬੋਧਨ ਕਰਦਿਆਂ ਅਵਤਾਰ ਸਿੰਘ ਨਿੱਕਾ, ਗੁਰਲਾਲ ਸਿੰਘ, ਸਤਨਾਮ ਸਿੰਘ ਸੱਤਾ, ਰਾਜਵਿੰਦਰ ਸਿੰਘ ਸਵੈਚ, ਭੂਰਾ ਸਿੰਘ ਸਾਬਕਾ ਪੰਚ, ਗੁਰਜੰਟ ਸਿੰਘ ਫਫੜੇ ਆਦਿ ਨੇ ਕਿਹਾ ਕਿ ਨਵੀਂ ਵਾਰਡਬੰਦੀ ਕਦਾਚਿਤ ਪ੍ਰਵਾਨ ਨਹੀਂ | ਕੇਵਲ ਆਗਾਮੀ ਨਗਰ ਪੰਚਾਇਤ ਤੇ ਹੋਰ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਲਈ ਲੋਕਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਕੀਤਾ ਗਿਆ ਹੈ | ਜਿੱਥੇ ਪੂਰੇ ਦੇ ਪੂਰੇ ਵਾਰਡ ਬਦਲ ਕੇ ਉਨ੍ਹਾਂ ਦੇ ਨਾਂਅ ਹਟਾ ਦਿੱਤੇ ਗਏ ਹਨ | ਉੱਥੇ ਵਾਰਡਾਂ ਵਿਚਲੀਆਂ ਗਲੀਆਂ ਵੀ ਅੱਧੋ-ਅੱਧ ਕਰ ਕੇ ਕਈ-ਕਈ ਵਾਰਡ ਟਪਾ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਾਸਪੋਰਟ, ਚਿੱਠੀਆਂ ਪੱਤਰ, ਆਧਾਰ ਕਾਰਜ ਆਦਿ ਰੱਦੀ ਬਣਾ ਦਿੱਤੇ ਗਏ ਹਨ, ਜਿਸ ਨੂੰ ਦੁਬਾਰਾ ਬਣਾਉਣ ਲਈ ਲੋਕਾਂ ਨੇ ਆਪੋ-ਆਪਣੇ ਪੱਤਰ ਸਰਕਾਰ ਅਤੇ ਚੋਣਕਾਰ ਦਫ਼ਤਰ ਨੂੰ ਪੋਸਟ ਕੀਤੇ | ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਜਥੇਦਾਰ ਜੋਗਾ ਸਿੰਘ ਬੋਹਾ ਸਮੇਤ 4 ਐਮ.ਸੀ. ਵੀ ਮੌਜੂਦ ਸਨ | ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਨਵੀਂ ਵਾਰਡਬੰਦੀ ਨੂੰ ਰੱਦ ਕਰ ਕੇ ਪਹਿਲਾਂ ਵਾਲੀ ਵਾਰਡਬੰਦੀ ਨਾ ਰੱਖੀ ਗਈ ਤਾਂ ਉਹ ਡਟ ਕੇ ਖੜ੍ਹਨਗੇ ਅਤੇ ਪੱਕਾ ਸੰਘਰਸ਼ ਉਲੀਕਿਆ ਜਾਵੇਗਾ |
ਨਵੀਂ ਵਾਰਡਬੰਦੀ ਨੂੰ ਲੈ ਕੇ ਲੋਕਾਂ 'ਚ ਰੋਸ ਵਧਿਆ, ਦਿੱਤਾ ਮੰਗ ਪੱਤਰ
ਅਜੀਤ ਡੈਸਕ
30-12-2025