ਭੁਲੱਥ, 31 ਮਈ (ਮੇਹਹ ਚੰਦ ਸਿੱਧੂ)-ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਸਵਾਲ ਕਰਨਾ ਚਾਹੁੰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਜਿਹੜੇ ਤੁਸੀਂ ਦਾਅਵੇ ਕੀਤੇ ਸੀ, ਕਿ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ, ਕੀ ਪੰਜਾਬ ਅੰਦਰੋਂ ਨਸ਼ਾ ਖ਼ਤਮ ਹੋ ਸਕਿਆ, ਮੈਂ ਪੁੱਛਣਾ ਚਾਹੁੰਦਾ ਹਾਂ ਭਗਵੰਤ ਮਾਨ ਤੇ ਪੰਜਾਬ ਦੇ ਡੀ ਜੀ ਪੀ ਨੂੰ , ਕਿ ਅੱਜ ਵੀ ਪੰਜਾਬ ਅੰਦਰ ਜਿਉਂ ਦੀ ਤਿਉਂ ਨਸ਼ਿਆਂ ਦੀ ਭਰਮਾਰ ਬਣੀ ਹੋਈ ਹੈ, ਕੁੱਝ ਦਿਨ ਪਹਿਲਾਂ 27 ਮੌਤਾਂ ਇਕੱਲੇ ਅੰਮਿ੍ਤਸਰ ਜ਼ਿਲ੍ਹੇ ਵਿਚ ਨਕਲੀ ਸ਼ਰਾਬ ਪੀਣ ਕਰਕੇ ਹੋਈਆਂ ਹਨ, ਮੈਂ ਪੁੱਛਣਾ ਚਾਹੁੰਦਾ ਹਾਂ ਫ਼ਰਜ਼ੀ ਇਨਕਲਾਬੀਆਂ ਨੂੰ ,ਕਿ ਤੁਸੀਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀਆਂ ਤੇ ਸ਼ਹੀਦ ਭਗਤ ਸਿੰਘ ਦੀਆਂ ਫ਼ੋਟੋ ਟੰਗੀਆਂ ਹੋਈਆਂ ਹਨ, ਕਿ ਪੰਜਾਬ ਅੰਦਰ ਉਨ੍ਹਾਂ ਦੇ ਸੁਪਨਿਆਂ ਦਾ ਸਮਾਜ ਬਣ ਸਕਿਆ, ਸੂਬਾ ਪੰਜਾਬ ਇੱਕ ਪੁਲਿਸ ਸਟੇਟ ਬਣਦਾ ਜਾ ਰਿਹਾ, ਸਾਡੇ ਮੌਲਿਕ ਅਧਿਕਾਰਾਂ 'ਤੇ ਡਾਕਾ ਵੱਜ ਰਿਹਾ ਹੈ, ਅੱਜ ਆਜ਼ਾਦ ਦੇਸ਼ ਵਿਚ ਵੀ ਲੋਕ ਗੁਲਾਮੀ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ, ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਲੋਕਾਂ 'ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ, ਦੂਜੇ ਪਾਸੇ ਸੂਬਾ ਪੰਜਾਬ ਅੰਦਰ ਚਾਹੇ ਕਿਸਾਨੀ ਅੰਦੋਲਨ ਦੀ ਗੱਲ ਹੋਵੇ ਚਾਹੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਹੋਵੇ, ਅੰਦੋਲਨ ਕਰਦੇ ਹੋਏ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ | ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਸਾਨੂੰ ਆਪ ਸਭ ਨੂੰ ਮਿਲ ਕੇ ਸੂਬਾ ਪੰਜਾਬ ਦੀ ਖ਼ੁਸ਼ਹਾਲੀ ਤੇ ਨਸ਼ਿਆਂ ਵਿਚ ਗ੍ਰਸਤ ਹੋ ਰਹੀ ਜਵਾਨੀ ਨੂੰ ਬਚਾਉਣ ਲਈ ਅੱਗੇ ਆਉਣਾ ਪਵੇਗਾ | ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਜੋ ਤੁਸੀਂ ਦਾਅਵਾ ਕੀਤਾ ਸੀ, ਕਿ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ, ਲੇਕਿਨ ਬੜੇ ਅਫ਼ਸੋਸ ਦੀ ਗੱਲ ਹੈ ਕਿ ਤੁਹਾਡੇ ਪਾਸੋਂ ਪੰਜਾਬ ਤਾਂ ਨਸ਼ਾ ਮੁਕਤ ਕੀ ਹੋਣਾ ਸੀ ਸਗੋਂ ਨਸ਼ਿਆਂ ਦੀ ਭਰਮਾਰ ਹੋਰ ਵਧੇਰੇ ਹੋਈ ਹੈ, ਪੰਜਾਬ ਦੀ ਜਵਾਨੀ ਦਿਨੋਂ ਦਿਨ ਨਸ਼ਿਆਂ ਦੀ ਦਲਦਲ ਵਿਚ ਧੱਸਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਲੋਕਾਂ ਨੂੰ ਆਪ ਜਾਗਰੂਕ ਹੋਣਾ ਪਵੇਗਾ |