ਫਗਵਾੜਾ, 1 ਜੂਨ (ਹਰਜੋਤ ਸਿੰਘ ਚਾਨਾ)-ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਸੰਘਰਸ਼ ਕਰਨਾ ਪਵੇਗਾ ਕਿਉਂਕਿ ਮੋਦੀ ਸਰਕਾਰ ਸੰਵਿਧਾਨ ਨੂੰ ਬਦਲਣ ਲਈ ਹਰ ਪੱਧਰ 'ਤੇ ਯਤਨ ਕਰ ਰਹੀ ਹੈ | ਅੱਜ ਇੱਥੇ ਕੇ.ਜੀ. ਰਿਜ਼ੋਰਟ ਵਿਖੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ 'ਚ ਰੱਖੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾ ਤੋਂ ਆਰ.ਐਸ.ਐਸ. ਦੀ ਜਮਾਤ ਕੇਂਦਰ 'ਚ ਕਾਬਜ਼ ਹੈ ਜਿਸ ਦਾ ਭਾਰਤੀ ਸੰਵਿਧਾਨ 'ਚ ਬਿਲਕੁਲ ਵਿਸ਼ਵਾਸ ਨਹੀਂ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਮੁਖੀ ਰਾਹੁਲ ਗਾਂਧੀ, ਆਲ ਇੰਡੀਆ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇਸ਼ ਭਰ 'ਚ ਇਸ 'ਤੇ ਰੋਕਥਾਮ ਕਰਨ ਲਈ ਆਪਣੇ ਸੰਘਰਸ਼ 'ਚ ਜੁਟੇ ਹੋਏ ਹਨ | ਰੈਲੀ ਨੂੰ ਸੰਬੋਧਨ ਕਰਨ ਵਾਲਿਆਂ 'ਚ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ, ਸਾਧੂ ਸਿੰਘ ਧਰਮਸ਼ੋਤ ਸਾਬਕਾ ਮੰਤਰੀ, ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਜਪਾ ਹਰ ਸਰਕਾਰੀ ਏਜੰਸੀਆਂ 'ਚ ਵੀ ਆਪਣੀ ਦਖ਼ਲਅੰਦਾਜੀ ਕਰਕੇ ਉਨ੍ਹਾਂ ਦੇ ਕੰਮ 'ਚ ਅੜਿੱਕੇ ਪਾ ਰਹੀਆਂ ਹਨ ਤੇ ਇੰਨਾ ਏਜੰਸੀਆਂ ਤੋਂ ਆਪਣੀ ਮਰਜ਼ੀ ਨਾਲ ਕੰਮ ਲੈ ਰਹੀਆਂ ਹਨ ਜੋ ਦੇਸ਼ ਲਈ ਬੜਾ ਖ਼ਤਰਨਾਕ ਹੈ | ਉਨ੍ਹਾਂ ਲੋਕਾਂ ਨੂੰ ਇਨ੍ਹਾਂ ਦੀਆਂ ਨੀਤੀਆਂ ਤੋਂ ਚੌਕਸ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਜਮਾਤ ਦੇਸ਼ ਲਈ ਬਹੁਤ ਖ਼ਤਰਨਾਕ ਹੈ ਜਿਸ ਤੋਂ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਲੋੜ ਹੈ | ਵਿਧਾਇਕ ਧਾਲੀਵਾਲ ਨੇ ਪੰਜਾਬ ਸਰਕਾਰ 'ਤੇ ਹਮਲੇ ਕਰਦਿਆਂ ਕਿਹਾ ਕਿ ਸਰਕਾਰ ਦਾ ਬੁਰੀ ਤਰ੍ਹਾਂ ਦੀਵਾਲੀਆਂ ਨਿਕਲਿਆ ਹੋਇਆ ਹੈ | ਕਈ ਮੁੱਖ ਸੜਕਾਂ ਅਜੇ ਤੱਕ ਬਣਨ ਤੋਂ ਅਧੂਰੀਆਂ ਪਈਆਂ ਹਨ | ਇਸ ਮੌਕੇ ਸਾਬਕਾ ਵਿਧਾਇਕ ਪਵਨ ਆਦੀਆ, ਸੁਰਿੰਦਰ ਸ਼ਰਮਾ ਪ੍ਰਧਾਨ ਇੰਟਕ ਪੰਜਾਬ, ਐਡਵੋਕੇਟ. ਰੋਹਿਤ ਜੋਸ਼ੀ, ਅੰਮਿ੍ਤ ਭੋਸਲੇ ਫ਼ਿਲੌਰ, ਕਮਲਜੀਤ ਬੱਗਾ, ਬਲਾਕ ਕਾਂਗਰਸ ਪ੍ਰਧਾਨ ਤਰਨਜੀਤ ਸਿੰਘ ਵਾਲੀਆ, ਸੰਜੀਵ ਬੁੱਗਾ ਸਮੇਤ ਵੱਡੀ ਗਿਣਤੀ 'ਚ ਹਲਕੇ ਦੇ ਲੋਕ ਸ਼ਾਮਿਲ ਸਨ | ਵਿਧਾਇਕ ਧਾਲੀਵਾਲ ਨੇ ਅੱਜ ਦੀ ਰੈਲੀ ਨੂੰ ਸਫ਼ਲ ਬਣਾਉਣ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਿੱਤੇ ਪਿਆਰ ਲਈ ਮੈਂ ਕਦਰਦਾਨ ਹਾਂ |