ਕਪੂਰਥਲਾ, 1 ਜੂਨ (ਅਮਨਜੋਤ ਸਿੰਘ ਵਾਲੀਆ)-ਬੀਤੀ ਦੇਰ ਰਾਤ ਸ਼ੇਖੂਪੁਰ ਤੋਂ ਦੰਦੂਪੁਰ ਰੋਡ 'ਤੇ ਨਹਿਰ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਵਲੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ 'ਤੇ ਪਿਸਤੌਲ ਨਾਲ ਹਮਲਾ ਕਰਕੇ ਮੋਟਰਸਾਈਕਲ ਤੇ ਨਕਦੀ ਖੋਹ ਕੇ ਫ਼ਰਾਰ ਹੋ ਗਏ | ਇਸ ਘਟਨਾ ਦੌਰਾਨ ਲੱਤ 'ਤੇ ਗੋਲੀ ਲੱਗਣ ਕਾਰਨ ਇਕ ਨੌਜਵਾਨ ਜ਼ਖਮੀ ਹੋ ਗਿਆ | ਜਾਣਕਾਰੀ ਦਿੰਦਿਆਂ ਗੋਲੀ ਨਾਲ ਜ਼ਖਮੀ ਹੋਏ ਨੌਜਵਾਨ ਲਵਪ੍ਰੀਤ ਪੁੱਤਰ ਗੁਰਦੇਵ ਰਾਮ ਵਾਸੀ ਭਵਾਨੀਪੁਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਵਪ੍ਰੀਤ ਆਪਣੇ ਸਾਥੀ ਕਰਨਦੀਪ ਨਾਲ ਦੇਰ ਰਾਤ ਸ਼ੇਖੂਪੁਰ ਤੋਂ ਭਵਾਨੀਪੁਰ ਵੱਲ ਆ ਰਿਹਾ ਸੀ, ਜਦੋਂ ਉਹ ਦੰਦੂਪੁਰ ਨਹਿਰ ਕੋਲ ਪਹੁੰਚੇ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਪਹਿਲਾਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਲੱਤ ਮਾਰ ਕੇ ਦੋਵਾਂ ਨੂੰ ਹੇਠਾਂ ਸੁੱਟ ਲਿਆ | ਇਸ ਦੌਰਾਨ ਜਦੋਂ ਉਨ੍ਹਾਂ ਦੀ ਲੁਟੇਰਿਆਂ ਨਾਲ ਹੱਥੋਪਾਈ ਹੋਈ ਤਾਂ ਇਸ ਦੌਰਾਨ ਕਥਿਤ ਤੌਰ 'ਤੇ ਇਕ ਲੁਟੇਰੇ ਨੇ ਗੋਲੀ ਚਲਾ ਦਿੱਤੀ ਜੋ ਲਵਪ੍ਰੀਤ ਦੀ ਲੱਤ ਵਿਚ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ | ਉਪਰੰਤ ਲੁਟੇਰੇ ਕੁੱਝ ਨਕਦੀ ਤੇ ਉਨ੍ਹਾਂ ਦਾ ਮੋਟਰਸਾਈਕਲ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ | ਜਿਸ ਉਪਰੰਤ ਇਸਦੀ ਸੂਚਨਾ ਮਿਲਣ 'ਤੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ | ਜਿੱਥੇ ਡਿਊਟੀ ਡਾ. ਜਸ਼ਨ ਵਲੋਂ ਜ਼ਖ਼ਮੀ ਨੌਜਵਾਨ ਦੇ ਲੱਤ 'ਤੇ ਗੋਲੀ ਲੱਗੀ ਹੋਣ ਕਾਰਨ ਉਸਨੂੰ ਮੁੱਢਲੇ ਇਲਾਜ ਤੋਂ ਬਾਅਦ ਉਸਨੂੰ ਹਾਇਰ ਸੈਂਟਰ ਰੈਫ਼ਰ ਕਰ ਦਿੱਤਾ ਗਿਆ | ਜਿਸਦਾ ਨਿੱਜੀ ਹਸਪਤਾਲ ਵਿਚ ਇਲਾਜ ਜਾਰੀ ਹੈ | ਨਿੱਜੀ ਹਸਪਤਾਲ ਦੇ ਡਾ. ਜੇ.ਐਸ. ਥਿੰਦ ਨੇ ਦੱਸਿਆ ਕਿ ਲਵਪ੍ਰੀਤ ਦੀ ਲੱਤ ਵਿਚੋਂ ਆਪ੍ਰੇਸ਼ਨ ਕਰਕੇ ਗੋਲੀ ਕੱਢ ਦਿੱਤੀ ਗਈ ਹੈ ਤੇ ਉਸਦਾ ਇਲਾਜ ਜਾਰੀ ਹੈ | ਇਸ ਸਬੰਧੀ ਜਦੋਂ ਡੀ.ਐਸ.ਪੀ. ਦੀਪਕ ਕਰਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਲਵਪ੍ਰੀਤ ਤੇ ਉਸਦੇ ਸਾਥੀ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ |