ਭੁਲੱਥ, 2 ਜੂਨ (ਮੇਹਰ ਚੰਦ ਸਿੱਧੂ)-ਡੀ.ਐਸ.ਪੀ. ਕਰਨੈਲ ਸਿੰਘ ਦੀ ਅਗਵਾਈ ਹੇਠ ਥਾਣਾ ਭੁਲੱਥ ਪੁਲਿਸ ਨੇ ਅਸਲਾ ਐਕਟ ਤੇ ਹੋਰ ਵੱਖ-ਵੱਖ ਮਾਮਲਿਆਂ 'ਚ ਥਾਣਾ ਭੁਲੱਥ ਨੂੰ ਲੋੜੀਂਦੇ ਇਕ ਵਿਅਕਤੀ ਨੂੰ ਨਾਜਾਇਜ਼ ਪਿਸਤੌਲ ਸਮੇਤ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭੁਲੱਥ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਸਮੇਤ ਪੁਲਿਸ ਟੀਮ ਨੇ ਵੱਖ-ਵੱਖ ਮਾਮਲਿਆਂ ਵਿਚ ਥਾਣਾ ਭੁਲੱਥ 'ਚ ਲੋੜੀਂਦੇ ਦੋਸ਼ੀ ਦਲਬੀਰ ਕੁਮਾਰ ਉਰਫ਼ ਗੋਪੀ ਆਲਮਪੁਰੀਆ ਪੁੱਤਰ ਸੁਖਵਿੰਦਰ ਸਿੰਘ ਵਾਸੀ ਆਲਮਪੁਰ ਬੱਕਾ ਥਾਣਾ ਕਰਤਾਰਪੁਰ ਨੂੰ ਨਾਜਾਇਜ਼ ਪਿਸਤੌਲ ਸਮੇਤ ਪਿੰਡ ਬੋਪਾਰਾਏ ਕੋਲੋਂ ਕਾਬੂ ਕੀਤਾ | ਉਨ੍ਹਾਂ ਦੱਸਿਆ ਕਿ ਬੀਤੇ ਸਾਲ ਕੱੁਲ 7 ਦੋਸ਼ੀਆਂ ਵਲੋਂ ਨਿੰਦਰ ਪੁੱਤਰ ਸਾਧੂਆਂ ਵਾਸੀ ਮੂਸਾ ਖੇਲ ਦੇ ਘਰ 'ਚ ਵੜ ਕੇ ਭੰਨਤੋੜ ਕੀਤੀ ਗਈ ਸੀ ਤੇ ਹਵਾਈ ਫਾਇਰ ਕਰਦੇ ਹੋਈ ਧਮਕੀਆਂ ਦਿੱਤੀਆਂ ਸਨ | ਇਸ ਮਾਮਲੇ 'ਚ ਦੋਸ਼ੀ ਦਲਬੀਰ ਕੁਮਾਰ ਨੂੰ ਕਾਬੂ ਕਰ ਲਿਆ ਗਿਆ ਹੈ ਜਿਸਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਡੂੰਘਾਈ ਨਾਲ ਹੋਰ ਪੁੱਛਗਿੱਛ ਕੀਤੀ ਜਾਵੇਗੀ |