ਤਲਵੰਡੀ ਚੌਧਰੀਆਂ, 2 ਜੂਨ (ਪਰਸਨ ਲਾਲ ਭੋਲਾ)-ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡਾਂ ਨੂੰ ਜਾਂਦੀਆਂ ਲਿੰਕ ਰੋਡਾਂ ਦੀਆਂ ਸਮੁੱਚੀਆਂ ਬਰਮਾਂ 'ਤੇ ਕਿਸਾਨਾਂ ਵਲੋਂ ਨਾਜਾਇਜ਼ ਕਬਜ਼ੇ ਕਰ ਲਏ ਹਨ | ਆਏ ਸੀਜ਼ਨ ਇਨ੍ਹਾਂ ਬਰਮਾ ਨੂੰ ਵਾਹਿਆ ਹੀ ਨਹੀਂ ਜਾਂਦਾ ਸਗੋਂ ਮਨਰੇਗਾ ਤਹਿਤ ਜੰਗਲਾਤ ਵਿਭਾਗ ਵਲੋਂ ਲਾਏ ਗਏ ਬੂਟੇ ਵੀ ਸਾੜ ਦਿੱਤੇ ਜਾਂਦੇ ਹਨ ਜਾਂ ਵਾਹ ਦਿੱਤੇ ਜਾਂਦੇ ਹਨ | ਜਿਸ ਤੋਂ ਲੱਗਦਾ ਹੈ ਕਿ ਅਜਿਹਾ ਕਿਸਾਨ ਨਿਧੜਕ ਹੋ ਕੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਕਰ ਰਹੇ ਹਨ | ਕੱੁਝ ਪਿੰਡਾਂ ਦੇ ਕਿਸਾਨਾਂ ਵਲੋਂ ਪੰਚਾਇਤਾਂ ਦੇ ਕਹਿਣ 'ਤੇ ਬਰਮਾਂ ਨੂੰ ਪੂਰੀਆਂ ਕੀਤਾ ਗਿਆ ਹੈ ਤੇ ਬਰਮਾ 'ਤੇ ਕੀਤੇ ਨਾਜਾਇਜ਼ ਕਬਜ਼ੇ ਛੱਡ ਦਿੱਤੇ ਹਨ | ਪਰ ਕਿਸਾਨਾਂ ਵਲੋਂ ਜਿਨ੍ਹਾਂ ਦੀ ਜ਼ਮੀਨ ਸੜਕਾਂ ਦੇ ਨਾਲ ਲੱਗਦੀ ਹੈ, ਉਨ੍ਹਾਂ ਇਨਾਂ ਬਰਮਾਂ ਨੂੰ ਸੜਕ ਦੇ ਕਿਨਾਰੇ ਤੱਕ ਵਾਹ ਕੇ ਨਾਜਾਇਜ਼ ਕਬਜ਼ੇ ਕਰ ਲੈ ਹਨ | ਜੋ ਲਿੰਕ ਰੋਡ 20 ਫੁੱਟ ਦੀ ਸੀ ਉਹ ਸਿਰਫ਼ 10 ਜਾਂ 11 ਫੁੱਟ ਹੀ ਰਹਿ ਗਈ ਜਿਸ ਕਰਕੇ ਬਾਰਸ਼ ਤੇ ਝੋਨਾ ਲੱਗਣ ਕਾਰਨ ਸਕੂਲੀ ਬੱਚਿਆਂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪਵੇਗਾ | ਸਕੂਲੀ ਬੱਚੇ ਤੇ ਮਾਪਿਆਂ ਦੀ ਪ੍ਰਸ਼ਾਸਨ ਤੇ ਪੰਚਾਇਤਾਂ ਪਾਸੋਂ ਮੰਗ ਹੈ ਕਿ ਇਨ੍ਹਾਂ ਬਰਮਾਂ 'ਤੇ ਨਾਜਾਇਜ਼ ਕਬਜ਼ਿਆਂ ਨੂੰ ਤੁਰੰਤ ਛਡਾਇਆ ਜਾਵੇ ਤਾਂ ਜੋ ਸਕੂਲੀ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ |