ਬੇਗੋਵਾਲ, 2 ਜੂਨ (ਸੁਖਜਿੰਦਰ ਸਿੰਘ)-ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਅਸਥਾਨ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਬ੍ਰਹਮ ਗਿਆਨੀ ਮਹੰਤ ਤਪੱਸਵੀ ਤੇ ਵਿੱਦਿਆ ਦੇ ਦਾਨੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 75ਵੀਂ ਬਰਸੀ ਦੇ ਸਬੰਧ ਵਿਚ ਚੱਲ ਰਹੇ ਸਮਾਗਮਾਂ ਦੇ ਅੱਜ ਦੂਸਰੇ ਦਿਨ ਨਾਮ ਬਾਣੀ ਵਿਚ ਕਸਬਾ ਬੇਗੋਵਾਲ ਰੰਗਿਆ ਰਿਹਾ। ਦੂਸਰੇ ਦਿਨ ਦੇ ਸਮਾਗਮਾਂ ਦੀ ਆਰੰਭਤਾ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਹੋਈ। ਇਸ ਉਪਰੰਤ ਭਾਈ ਸ਼ੌਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਭਾਈ ਮਨਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਜਸਵੰਤ ਸਿੰਘ ਪਰਵਾਨਾ ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਬਾਬਾ ਮਹਿੰਦਰ ਸਿੰਘ ਜੀ ਮਕਸੂਦਪੁਰ ਵਾਲੇ, ਭਾਈ ਦਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕਰਮ ਸਿੰਘ ਜਲੰਧਰ ਕੀਰਤਨੀਏ ਜਥਾ, ਭਾਈ ਅਜੀਤ ਸਿੰਘ ਅਕਬਰਪੁਰ ਵਾਲੇ, ਭਾਈ ਨਿਰਭੇਜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਦਵਿੰਦਰ ਸਿੰਘ ਬਟਾਲੇ ਵਾਲੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਗਿਆਨੀ ਬਲਕਾਰ ਸਿੰਘ ਜਥਾ ਗੁਰਦੁਆਰਾ ਮੀਖੋਵਾਲ ਸਾਹਿਬ, ਭਾਈ ਅਜੀਤ ਸਿੰਘ ਹੰਸ ਕੀਰਤਨੀ ਜਥਾ ਕਪੂਰਥਲਾ, ਭਾਈ ਬਲਜਿੰਦਰ ਸਿੰਘ ਟਾਹਲੀ ਵਾਲੇ, ਭਾਈ ਗੁਰਮੀਤ ਸਿੰਘ ਭਦਾਸ, ਭਾਈ ਜੋਗਿੰਦਰ ਸਿੰਘ ਆਦਿ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਜੀਵਨੀ 'ਤੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦੀ ਅਪੀਲ ਕੀਤੀ। ਉਪਰੰਤ ਡੇਰੇ ਦੇ ਮੁੱਖ ਸੇਵਾਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਠਾਠਾਂ ਮਾਰਦੇ ਇਕੱਠ ਇਹ ਸਾਬਤ ਕਰਦਾ ਹੈ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਨੂੰ ਪੂਰਾ ਸਤਿਕਾਰ ਕਰਦੇ ਹੋ ਜੋ ਦਿਨ ਭਰ ਚੱਲ ਰਹੇ ਸਮਾਗਮਾਂ ਵਿਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਉਨ੍ਹਾਂ 3 ਜੂਨ ਨੂੰ ਹੋਣ ਵਾਲੇ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 3 ਜੂਨ ਨੂੰ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਉਪਰੰਤ ਦਿਨ ਭਰ ਦੀਵਾਨ ਹਾਲ ਵਿਚ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਵੱਖ-ਵੱਖ ਜਥਿਆਂ ਰਾਹੀਂ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਯੁਵਰਾਜ ਭੁਪਿੰਦਰ ਸਿੰਘ, ਰਜਨੀਤ ਕੌਰ ਬਾਵਾ, ਪ੍ਰੋਫੈਸਰ ਜਸਵੰਤ ਸਿੰਘ ਮੁਰੱਬੀਆ, ਰਜਿੰਦਰ ਸਿੰਘ ਲਾਡੀ, ਵਿਕਰਮਜੀਤ ਸਿੰਘ ਵਿੱਕੀ, ਅਮਰੀਕ ਸਿੰਘ ਪੀ.ਏ., ਕੁਲਦੀਪ ਸਿੰਘ ਭੂਰਪੁਰ, ਵਿਸ਼ਾਲ ਜੁਲਕਾ, ਸਰੂਪ ਸਿੰਘ ਖਾਸਰੀਆ, ਦਲਜੀਤ ਸਿੰਘ ਖ਼ਾਲਸਾ, ਸੰਗਤ ਸਿੰਘ ਸੁਦਾਮਾ, ਜਸਵੰਤ ਸਿੰਘ ਫਰਾਂਸ, ਪ੍ਰਿੰਸੀਪਲ ਸੇਵਾ ਸਿੰਘ ਭਦਾਸ ਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।
ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਸੰਬੰਧੀ ਚੱਲ ਰਹੇ ਸਮਾਗਮ ਦੇ ਦੂਸਰੇ ਦਿਨ ਨਾਮ ਬਾਣੀ 'ਚ ਰੰਗਿਆ ਰਿਹਾ ਬੇਗੋਵਾਲ
ਅਜੀਤ ਡੈਸਕ
03-06-2025