ਕਪੂਰਥਲਾ, 2 ਜੂਨ (ਅਮਨਜੋਤ ਸਿੰਘ ਵਾਲੀਆ)-ਪਿੰਡ ਭਵਾਨੀਪੁਰ ਨੇੜੇ ਕਾਲੀ ਵੇਈਾ ਵਿਚੋਂ ਬੀਤੀ 29 ਅਪ੍ਰੈਲ ਨੂੰ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿਚ ਥਾਣਾ ਕੋਤਵਾਲੀ ਪੁਲਿਸ ਨੇ ਲਗਭਗ ਇੱਕ ਮਹੀਨੇ ਬਾਅਦ ਇੱਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ ਜਦਕਿ ਪਰਿਵਾਰਿਕ ਮੈਂਬਰਾਂ ਨੇ ਇੱਕ ਹੋਰ ਨੌਜਵਾਨ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਥਾਣਾ ਕੋਤਵਾਲੀ ਸਾਹਮਣੇ ਧਰਨਾ ਦੇ ਕੇ ਇਨਸਾਫ਼ ਦੀ ਮੰਗ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਮਿ੍ਤਕ ਨੌਜਵਾਨ ਤਰਨਜੀਤ ਸਿੰਘ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕਰਤਾਰਪੁਰ ਵਿਖੇ ਸੈਲੂਨ 'ਤੇ ਕੰਮ ਸਿੱਖਦਾ ਸੀ ਤੇ 28 ਅਪ੍ਰੈਲ ਨੂੰ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਉਹ ਸਵੇਰੇ ਕੰਮ 'ਤੇ ਗਿਆ ਪਰ ਵਾਪਸ ਘਰ ਨਹੀਂ ਆਇਆ ਤੇ ਨਾ ਹੀ ਅੱਜ ਤੱਕ ਉਸ ਦੀ ਸਕੂਟਰੀ ਦਾ ਕੋਈ ਥਹੁ ਪਤਾ ਲਗ ਸਕਿਆ ਹੈ | ਅਸੀਂ ਉਸ ਦੀ ਭਾਲ ਕਰਦੇ ਰਹੇ, ਇਸ ਸਬੰਧੀ ਥਾਣਾ ਕਰਤਾਰਪੁਰ ਵਿਖੇ ਅਸੀਂ ਰਿਪੋਰਟ ਵੀ ਦਰਜ ਕਰਵਾਈ | ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਥਾਣਾ ਕੋਤਵਾਲੀ ਮੁਖੀ ਵਲੋਂ ਦੋਸ਼ੀਆਂ ਨੂੰ ਬਚਾਉਣ ਦੀ ਕਥਿਤ ਤੌਰ 'ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨਾਲ ਸਹੀ ਵਰਤਾਰਾ ਵੀ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਦੂਜੇ ਦੋਸ਼ੀ ਦੀ ਗਿ੍ਫ਼ਤਾਰੀ ਨਹੀਂ ਕਰਦੀ ਤੇ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿਵਾਉਂਦੀ ਤਾਂ ਉਹ ਆਪਣੇ ਪਰਿਵਾਰਿਕ ਮੈਂਬਰਾਂ ਤੇ ਸਮਰਥਕਾਂ ਦੇ ਨਾਲ ਇਨਸਾਫ਼ ਲੈਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ | ਥਾਣਾ ਕੋਤਵਾਲੀ ਮੁਖੀ ਕਿਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਕਾਲ ਡਿਟੇਲਾਂ ਤੋਂ ਬਾਅਦ ਇੱਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਉਸ ਦਾ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ | ਜਾਂਚ ਦੌਰਾਨ ਜੇਕਰ ਕੋਈ ਹੋਰ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਪੁਲਿਸ ਵਲੋਂ ਉਸਨੂੰ ਵੀ ਹਿਰਾਸਤ ਵਿਚ ਲੈ ਕੇ ਅਗਲੈਰੀ ਕਾਰਵਾਈ ਕੀਤੀ ਜਾਵੇਗੀ |