ਫਗਵਾੜਾ, 4 ਜੂਨ (ਤਰਨਜੀਤ ਸਿੰਘ ਕਿੰਨੜਾ)-ਫਿਲੌਰ ਵਿਖੇ ਡਾ. ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਵਿਰੋਧ 'ਚ ਰੋਸ ਪ੍ਰਗਟ ਕਰਨ ਗਏ ਅਕਾਲੀ ਦਲ (ਅੰਮਿ੍ਤਸਰ) ਆਗੂਆਂ ਨੂੰ ਫਿਲੌਰ ਪੁਲਿਸ ਵਲੋਂ ਹਿਰਾਸਤ ਵਿਚ ਲੈਣ ਦੀ ਪੁਰਜ਼ੋਰ ਨਿੰਦਾ ਕਰਦੇ ਹੋਏ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਇਮਾਨ ਸਿੰਘ ਮਾਨ ਨੇ ਇਸ ਨੂੰ ਪ੍ਰਗਟਾਵੇ ਦੀ ਆਜ਼ਾਦੀ ਨੂੰ ਰੋਕਣਾ ਦੱਸਿਆ | ਅੱਜ ਫਗਵਾੜਾ ਵਿਖੇ ਗੁਰੂ ਹਰਗੋਬਿੰਦ ਨਗਰ ਵਿਖੇ ਡਾ. ਭੀਮ ਰਾਓ ਅੰਬੇਡਕਰ ਦੇ ਬੱੁਤ ਦੇ ਕੋਲ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ 'ਚ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਹੇ | ਮਾਨ ਨੇ ਕਿਹਾ ਕਿ ਪਿਛਲੇ ਦਿਨੀਂ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਫਿਲੌਰ ਦੇ ਪਿੰਡ ਨੰਗਲ ਵਿਖੇ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ | ਜਿਸ ਦੀ ਅਕਾਲੀ ਦਲ ਅੰਮਿ੍ਤਸਰ ਵਲੋਂ ਪੁਰਜ਼ੋਰ ਨਿੰਦਾ ਕੀਤੀ ਗਈ ਸੀ ਅਤੇ ਅੱਜ ਪਾਰਟੀ ਦੇ ਮੀਤ ਪ੍ਰਧਾਨ ਅਤੇ ਕੌਮੀ ਸਪੋਕਸਮੈਨ ਡਾ. ਹਰਜਿੰਦਰ ਸਿੰਘ ਜੱਖੂ ਦੀ ਅਗਵਾਈ 'ਚ ਜਥਾ ਨੰਗਲ ਵਿਖੇ ਦੁੱਖ ਪ੍ਰਗਟਾਉਣ ਗਏ ਸਨ | ਜਿਨ੍ਹਾਂ ਨੂੰ ਫਿਲੌਰ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ | ਅਕਾਲੀ ਦਲ ਅੰਮਿ੍ਤਸਰ ਦੇ ਆਗੂਆਂ ਤੇ ਵਰਕਰਾਂ ਵਲੋਂ ਥਾਣੇ ਪਹੁੰਚ ਕੇ ਭਾਰੀ ਰੋਸ ਪ੍ਰਗਟਾਉਣ ਸਾਰੇ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਜੇਕਰ ਨੰਗਲ ਵਿਖੇ ਪ੍ਰਤਿਮਾ ਕੋਲ ਜਾਣ ਦੀ ਕੋਸ਼ਿਸ਼ ਕਰਨਗੇ ਤਾਂ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ | ਇਸ ਮੌਕੇ ਡਾ. ਹਰਜਿੰਦਰ ਸਿੰਘ ਜੱਖੂ ਨੇ ਕਿਹਾ ਕਿ ਸਾਡੇ ਰਹਿਬਰ ਦੀ ਸ਼ਰਾਰਤੀ ਅਨਸਰਾਂ ਦੁਆਰਾ ਬੇਅਦਬੀ ਕੀਤੀ ਗਈ ਹੈ ਤੇ ਪ੍ਰਸ਼ਾਸਨ ਨੇ ਕੁੱਝ ਅਖੌਤੀ ਦਲਿਤ ਹਿਤੈਸ਼ੀ ਅਖਵਾਉਣ ਵਾਲੇ ਲੋਕਾਂ ਦੇ ਇਸ਼ਾਰੇ 'ਤੇ ਨੰਗਲ ਪਹੁੰਚਦਿਆਂ ਸਾਰ ਹੀ ਸਾਨੂੰ ਹਿਰਾਸਤ 'ਚ ਲੈ ਕੇ ਥਾਣੇ 'ਚ ਬੰਦ ਕਰ ਦੇਣਾ ਕਿੱਧਰ ਨੂੰ ਇਸ਼ਾਰਾ ਕਰਦਾ ਹੈ | ਇਸ ਮੌਕੇ ਸੁਰਜੀਤ ਸਿੰਘ ਖ਼ਾਲਿਸਤਾਨ, ਜਥੇ ਰਾਜਿੰਦਰ ਸਿੰਘ ਫੌਜੀ, ਗੁਰਦਿਆਲ ਸਿੰਘ ਮਾਨਾਂਵਾਲੀ, ਬੀਬੀ ਸੁਖਜੀਤ ਕੌਰ, ਜ਼ਿਲ੍ਹਾ ਜਲੰਧਰ ਇਸਤਰੀ ਵਿੰਗ ਪ੍ਰਧਾਨ ਬੀਬੀ ਕੁਲਵਿੰਦਰ ਕੌਰ, ਭਾਈ ਸਰਬਜੀਤ ਸਿੰਘ ਖ਼ਾਲਸਾ ਮੀਤ ਪ੍ਰਧਾਨ ਜ਼ਿਲ੍ਹਾ ਜਲੰਧਰ, ਹਰਵਿੰਦਰ ਸਿੰਘ ਹੀਰਾ ਹਲਕਾ ਇੰਚਾਰਜ ਹੁਸ਼ਿਆਰਪੁਰ, ਦਲਿਤ ਆਗੂ ਹੈਪੀ ਕੌਲ, ਧਰਮਿੰਦਰ ਭੁੱਲਾਰਾਈ, ਰਾਜਿੰਦਰ ਘੇੜਾ ਆਦਿ ਹਾਜ਼ਰ ਸਨ |