ਫਗਵਾੜਾ, 2 ਸਤੰਬਰ (ਹਰਜੋਤ ਸਿੰਘ ਚਾਨਾ)-ਪ੍ਰੇਮਿਕਾ ਨਾਲ ਲੜਾਈ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਵਿਅਕਤੀ ਵਲੋਂ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਪ੍ਰੇਮਿਕਾ ਮਹਿਲਾ ਖ਼ਿਲਾਫ਼ ਧਾਰਾ 108 ਬੀ.ਐੱਨ.ਐੱਸ. ਤਹਿਤ ਕੇਸ ਦਰਜ ਕਰਕੇ ਮਹਿਲਾ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਦਿੰਦਿਆਂ ਐੱਸ.ਪੀ. ਗੁਰਮੀਤ ਕੌਰ ਚਾਹਲ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੇ ਬਿਆਨਾ 'ਚ ਕੁਲਵਿੰਦਰ ਕੌਰ ਪਤਨੀ ਲੇਟ ਅਮਰਜੀਤ ਸਿੰਘ ਵਾਸੀ ਚਾਚੋਕੀ ਨੇ ਦੱਸਿਆ ਕਿ ਉਸ ਦਾ ਲੜਕਾ ਅਵਤਾਰ ਸਿੰਘ ਜੋ ਕਿ ਪਹਿਲਾ ਸੁਮਨ ਕੁਮਾਰੀ ਪਤਨੀ ਦਿਨੇਸ਼ ਕੁਕਰੇਜਾ ਵਾਸੀ ਗਾਬਾ ਕਾਲੋਨੀ ਆਦਰਸ਼ ਨਗਰ ਦੀ ਸ਼ਗੁਨ ਇੰਟਰਪ੍ਰਾਈਜ਼ਿਜ਼ ਕੰਪਨੀ ਜਲੰਧਰ ਵਿਖੇ ਨੌਕਰੀ ਕਰਦਾ ਸੀ, ਜਿੱਥੇ ਉਸ ਦੇ ਲੜਕੇ ਅਵਤਾਰ ਸਿੰਘ ਦੇ ਸੁਮਨ ਕੁਮਾਰੀ ਨਾਲ ਰਿਲੇਸ਼ਨਸ਼ਿਪ ਬਣ ਗਏ ਤੇ ਇਹ ਦੋਨੋਂ ਜਣੇ ਆਪਸ 'ਚ ਰਹਿਣ ਲੱਗ ਪਏ ਤੇ ਸੁਮਨ ਕੁਮਾਰੀ ਜੋ ਕਿ ਪਹਿਲਾ ਤੋਂ ਸ਼ਾਦੀਸ਼ੁਦਾ ਸੀ ਤੇ ਉਸ ਦੇ ਦੋ ਬੱਚੇ ਲੜਕਾ ਤੇ ਲੜਕੀ ਸੀ | ਉਸ ਨੰੂ ਕਾਫ਼ੀ ਸਮਝਾਉਣ ਤੋਂ ਬਾਅਦ ਵੀ ਉਕਤ ਮਹਿਲਾ ਉਸ ਨਾਲ ਵਿਆਹ ਕਰਵਾਉਣ ਦਾ ਦਬਾਅ ਪਾਉਂਦੀ ਰਹਿੰਦੀ ਸੀ | 31 ਅਗਸਤ ਨੂੰ ਸੁਮਨ ਕੁਮਾਰੀ ਦੇ ਘਰ ਉਸ ਦੀ ਲੜਕੀ ਦੇ ਜਨਮ ਦਿਨ ਦੀ ਪਾਰਟੀ 'ਚ ਉਸ ਦਾ ਲੜਕਾ ਗਿਆ ਸੀ ਜਿੱਥੇ ਆਪਸ 'ਚ ਇਨ੍ਹਾਂ ਦਾ ਝਗੜਾ ਹੋ ਗਿਆ, ਜਿਸ ਤੋਂ ਦੁਖੀ ਹੋ ਕੇ ਅਵਤਾਰ ਸਿੰਘ ਵਲੋਂ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ | ਜਿਸ ਸਬੰਧ 'ਚ ਪੁਲਿਸ ਨੇ ਸੁਮਨ ਕੁਮਾਰੀ ਪਤਨੀ ਦਿਨੇਸ਼ ਕੁਕਰੇਜਾ ਵਾਸੀ ਗਾਬਾ ਕਾਲੋਨੀ ਆਦਰਸ਼ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ |