ਫਗਵਾੜਾ, 4 ਸਤੰਬਰ (ਹਰਜੋਤ ਸਿੰਘ ਚਾਨਾ)-ਜਾਇਦਾਦ ਨੂੰ ਹੜੱਪਣ ਲਈ ਜਾਅਲੀ ਕਾਗ਼ਜ਼ਾਤ ਤਿਆਰ ਕਰਕੇ ਧੋਖਾਧੜੀ ਕਰਨ ਦੇ ਸਬੰਧ 'ਚ ਸਿਟੀ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਐੱਸ.ਐੱਚ.ਓ ਸਿਟੀ ਊਸ਼ਾ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਇਸ ਸਬੰਧ 'ਚ ਇੰਦਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਜੀਤ ਨਗਰ ਜਲੰਧਰ, ਜਸਪਾਲ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਸੰਤਗੜ੍ਹ ਤਿਲਕ ਨਗਰ ਨਿਊ ਦਿੱਲੀ ਤੇ ਮਨਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਜਗਤਪੁਰਾ ਜਲੰਧਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਹ ਕੇਸ ਮਨਜੀਤ ਕੌਰ ਪਤਨੀ ਲੇਟ ਪਰਵਿੰਦਰ ਸਿੰਘ ਵਾਸੀ ਪ੍ਰੇਮ ਨਗਰ ਦੇ ਬਿਆਨਾ 'ਤੇ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੇ ਮਿ੍ਤਕ ਹਰਜਿੰਦਰ ਸਿੰਘ ਤੇ ਸੁਰਿੰਦਰ ਕੌਰ ਦੀ ਥਾਂ ਨਕਲੀ ਵਿਅਕਤੀਆਂ ਨੂੰ ਪੇਸ਼ ਕਰਕੇ ਦਸਤਖ਼ਤ ਕਰਵਾਏ ਜਿਸ ਤੋਂ ਬਾਅਦ 10 ਦਸੰਬਰ 2024 ਨੂੰ ਵਸੀਕਾ ਨੰਬਰ 521 ਤਹਿਤ ਝੂਠੀ ਪਾਵਰ ਆਫ਼ ਅਟਾਰਨੀ ਬਣਾਈ ਤੇ 11 ਦਸੰਬਰ 2024 ਨੂੰ ਨਕਲੀ ਰਜਿਸਟਰੀ ਵੀ ਕਰਵਾ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਨਾਮਜ਼ਦ ਵਿਅਕਤੀਆਂ ਨੇ ਮਰਨ ਵਾਲੇ ਪਰਿਵਾਰਿਕ ਮੈਂਬਰਾਂ ਦੀ ਥਾਂ ਮਨਕਲੀ ਵਿਅਕਤੀਆਂ ਨੂੰ ਪੇਸ਼ ਕਰਕੇ ਜਾਅਲੀ ਕਾਗ਼ਜ਼ਾਤ ਤਿਆਰ ਕਰਵਾਏ | ਪੁਲਿਸ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ |