ਢਿਲਵਾਂ, 4 ਸਤੰਬਰ (ਪ੍ਰਵੀਨ ਕੁਮਾਰ)-ਪਿਛਲੇ ਦਿਨਾਂ ਦੌਰਾਨ ਜਿੱਥੇ ਦਰਿਆ ਬਿਆਸ ਨੇ ਦਰਿਆ ਦੇ ਨਾਲ ਲੱਗਦੇ ਮੰਡ ਖੇਤਰ ਵਿਚ ਵੱਡੇ ਪੱਧਰ ਤੇ ਤਬਾਹੀ ਮਚਾਈ ਹੋਈ ਸੀ, ਉੱਥੇ ਹੁਣ ਦਰਿਆ ਬਿਆਸ ਨੂੰ ਲੈ ਕੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ | ਇਸ ਸਬੰਧੀ ਦਰਿਆ ਬਿਆਸ ਤੇ ਬਣੀ ਜਲ ਸਰੋਤ ਵਿਭਾਗ ਦੇ ਗੇਜ ਤੋਂ ਕਰਮਚਾਰੀ ਉਮੇਦ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਸ਼ਾਮ 8 ਵਜੇ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ 741.80 ਗੇਜ ਤੇ 1 ਲੱਖ 61 ਹਜ਼ਾਰ ਕਿਊਸਿਕ ਪਾਣੀ ਡਿਸਚਾਰਜ ਹੋ ਰਿਹਾ ਹੈ, ਦੱਸ ਦੇਈਏ ਕਿ ਇਸ ਤੋਂ ਪਹਿਲਾ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਸੀ ਅਤੇ ਲੰਘੇ ਐਤਵਾਰ ਨੂੰ 743.60 ਗੇਜ ਤੇ 2 ਲੱਖ 35 ਹਜ਼ਾਰ 493 ਕਿਊਸਿਕ ਮਾਪਿਆ ਗਿਆ ਸੀ ਜੋ ਕਿ ਇਸ ਸੀਜ਼ਨ ਦਾ ਉੱਚਤਮ ਪੱਧਰ ਸੀ |ਵਰਨਣਯੋਗ ਹੈ ਕਿ 8 ਅਗਸਤ ਨੂੰ ਦਰਿਆ ਬਿਆਸ ਵਿਚ ਪਾਣੀ ਵਧਣ ਤੋਂ ਬਾਅਦ ਦਰਿਆ ਦੇ ਨਾਲ ਲੱਗਦੇ ਮੰਡ ਖੇਤਰ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਸੀ ਤੇ ਉਸ ਤੋਂ ਬਾਅਦ ਲਗਾਤਾਰ ਪਾਣੀ ਵਧਣ ਉਪਰੰਤ ਹਜ਼ਾਰਾਂ ਏਕੜ ਮੰਡ ਦੀ ਫ਼ਸਲ ਪਾਣੀ ਨਾਲ ਬਰਬਾਦ ਹੋ ਗਈ ਹੈ |