ਫਗਵਾੜਾ, 4 ਸਤੰਬਰ (ਹਰਜੋਤ ਸਿੰਘ ਚਾਨਾ)-ਕਣਕ ਦੀਆਂ ਬੋਰੀਆਂ 'ਚ ਹੇਰਾ ਫੇਰੀ ਕਰਨ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਤਕਨੀਕੀ ਸਹਾਇਕ ਖ਼ਿਲਾਫ਼ ਧਾਰਾ 316(5) ਬੀ.ਐੱਨ.ਐੱਸ. ਤਹਿਤ ਕੇਸ ਦਰਜ ਕੀਤਾ ਹੈ | ਐੱਸ.ਪੀ. ਗੁਰਮੀਤ ਚਾਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਕਾਇਤ ਕਰਤਾ ਫਗਵਾੜਾ ਦੇ ਪੰਜਾਬ ਰਾਜ ਗੁਦਾਮ ਦੇ ਤਜਿੰਦਰ ਕੌਰ ਨੇ ਦੱਸਿਆ ਕਿ ਸਤਪਾਲ ਸਿੰਘ ਤਕਨੀਕੀ ਸਹਾਇਕ ਜੋ ਰਾਜ ਗੁਦਾਮ ਫਗਵਾੜਾ ਵਿਖੇ ਬਤੌਰ ਕੇਂਦਰ ਇੰਚਾਰਜ ਤਾਇਨਾਤ ਹੈ | ਕੇਂਦਰ ਫਗਵਾੜਾ ਦੇ ਗੁਦਾਮ 'ਚ ਨਿਗਮ ਵਲੋਂ ਖ਼ਰੀਦ ਕੀਤੀ 2024-25 ਤੇ 2025-26 ਦੀ ਕਣਕ ਭੰਡਾਰ ਕੀਤੀ ਗਈ ਸੀ | ਜਿਸ 'ਚ ਕਿਤਾਬੀ ਬਕਾਇਆ 20570 ਬੋਰੀਆਂ 'ਚੋਂ 1595 ਬੋਰੀਆਂ ਤੇ 2025-26 ਦਾ ਕਿਤਾਬੀ ਬਕਾਇਆ 95004 ਬੋਰੀਆਂ 'ਚੋਂ 395 ਬੋਰੀਆਂ ਘੱਟ ਪਾਈਆ ਗਈਆਂ, ਜਿਸ ਨਾਲ ਕੁੱਲ 1990 ਬੋਰੀਆਂ ਦਾ ਘਾਟਾ ਪਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸਤਪਾਲ ਸਿੰਘ ਵਲੋਂ ਸਟਾਕ ਦੇ ਚੱਕਿਆਂ ਨਾਲ ਵੱਡੇ ਪੱਧਰ 'ਤੇ ਛੇੜਛਾੜ ਕਰਕੇ ਗੁਦਾਮਾਂ 'ਚ ਭੰਡਾਰ ਸਰਕਾਰੀ ਅਨਾਜ ਨੂੰ ਖ਼ੁਰਦ ਬੁਰਦ ਤੇ ਹੇਰਾਫੇਰੀ ਕੀਤੀ ਹੈ | ਜਿਸ ਸਬੰਧ 'ਚ ਪੁਲਿਸ ਨੇ ਸਤਪਾਲ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਗਿਲੋਕ ਗਰੀਨ ਹੁਸ਼ਿਆਰਪੁਰ ਰੋਡ ਖ਼ਿਲਾਫ਼ ਕੇਸ ਦਰਜ ਕੀਤਾ ਹੈ |