ਭੁਲੱਥ, 4 ਸਤੰਬਰ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਥਾਣਾ ਭੁਲੱਥ ਦੇ ਐੱਸ.ਐੱਚ.ਓ. ਰਣਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਾੜੇ ਅਨਸਰਾਂ ਤੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਸ਼ਾਮ ਦੇ ਸਮੇਂ ਜਦੋਂ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਖੱਸਣ ਰੋਡ 'ਤੇ ਸਰਕਾਰੀ ਟਿਊਬਵੈੱਲ ਦੇ ਪਿੱਛੇ ਕਮਰੇ ਵਿਚ ਪੰਜ ਨੌਜਵਾਨ ਨਸ਼ੇ ਦਾ ਸੇਵਨ ਕਰ ਰਹੇ ਹਨ, ਜਦੋਂ ਪੁਲਿਸ ਕਰਮਚਾਰੀਆਂ ਵਲੋਂ ਦੱਸੀ ਹੋਈ ਜਗ੍ਹਾ 'ਤੇ ਛਾਪੇਮਾਰੀ ਕੀਤੀ ਤਾਂ ਪੰਜ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗੇ, ਜਿਨ੍ਹਾਂ ਨੂੰ ਪੁਲਿਸ ਕਰਮਚਾਰੀਆਂ ਵੱਲੋਂ ਕਾਬੂ ਕਰਕੇ ਨਾਂਅ ਪਤਾ ਪੁੱਛਿਆ ਤਾਂ ਉਨ੍ਹਾਂ ਨੇ ਆਪਣਾ ਨਾਂਅ ਬਲਜਿੰਦਰ ਸਿੰਘ, ਮੰਗਲ ਸਿੰਘ, ਮੇਜਰ ਸਿੰਘ, ਧੰਨਾ ਸਿੰਘ ਉਰਫ਼ ਰਵੀ ਤੇ ਗੁਰਪ੍ਰੀਤ ਸਿੰਘ ਦੱਸਿਆ | ਉਨ੍ਹਾਂ ਪਾਸੋਂ ਸਿਲਵਰ ਪੇਪਰ, 10 ਰੁਪਏ ਦਾ ਗੋਲ ਕੀਤਾ ਨੋਟ ਤੇ ਇਕ ਲਾਈਟਰ ਬਰਾਮਦ ਹੋਇਆ ਹੈ | ਇਸ ਸਬੰਧੀ ਥਾਣਾ ਭੁਲੱਥ ਦੀ ਪੁਲਿਸ ਨੇ ਉਕਤ 5 ਨੌਜਵਾਨਾਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |