ਫਗਵਾੜਾ, 4 ਸਤੰਬਰ (ਹਰਜੋਤ ਸਿੰਘ ਚਾਨਾ)-ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੜ੍ਹ ਪ੍ਰਭਾਵਿਤ ਖੇਤਾਂ ਵਿਚੋਂ ਮਲਬੇ ਦੇ ਰੂਪ 'ਚ ਆਈ ਮਿੱਟੀ ਤੇ ਰੇਤ ਚੁੱਕਣ 'ਤੇ ਸਰਕਾਰੀ ਪਾਬੰਦੀ ਹਟਾਈ ਜਾਵੇ ਤਾਂ ਜੋ ਕਿਸਾਨ ਆਪਣੇ ਖੇਤਾਂ ਵਿਚੋਂ ਮਿੱਟੀ ਤੇ ਰੇਤ ਚੁਕਵਾ ਸਕਣ | ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਖੇਤ ਨੀਵੇਂ ਹੋ ਜਾਣਗੇ ਤੇ ਦੁਬਾਰਾ ਭਾਰੀ ਬਾਰਿਸ਼ ਹੋਣ ਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਦੀ ਸੂਰਤ 'ਚ ਹੜ੍ਹ ਦੇ ਪਾਣੀ ਨੂੰ ਦੂਰ ਤੱਕ ਫੈਲਣ ਤੋਂ ਰੋਕਿਆ ਜਾ ਸਕੇਗਾ | ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਕਿਸਾਨ ਨੂੰ ਆਪਣੇ ਖੇਤ ਵਿਚੋਂ ਮਿੱਟੀ ਜਾਂ ਰੇਤ ਕੱਢਣ ਲਈ ਮਾਈਨਿੰਗ ਵਿਭਾਗ ਤੋਂ ਅਰਜ਼ੀ ਦੇ ਕੇ ਇਜਾਜ਼ਤ ਲੈਣੀ ਜ਼ਰੂਰੀ ਹੁੰਦੀ ਹੈ, ਪਰ ਇਸ ਸਮੇਂ ਪੈਦਾ ਹੋਈ ਐਮਰਜੈਂਸੀ ਸਥਿਤੀ ਦੇ ਮੱਦੇਨਜ਼ਰ, ਭਾਵੇਂ ਅਸਥਾਈ ਤੌਰ 'ਤੇ ਹੀ ਸਹੀ ਲੇਕਿਨ ਇਹ ਪਾਬੰਦੀ ਹਟਾਈ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਇਹ ਕਦਮ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਪਾਣੀ ਦੇ ਨਾਲ ਖੇਤਾਂ 'ਚ ਆਉਣ ਵਾਲੀ ਰੇਤ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਘਟਣ ਦਾ ਖ਼ਤਰਾ ਹੈ | ਇਸ ਲਈ ਰੇਤ ਹਟਾ ਕੇ ਕਿਸਾਨ ਖੇਤ ਨੂੰ ਦੁਬਾਰਾ ਫ਼ਸਲਾਂ ਬੀਜਣ ਲਈ ਤਿਆਰ ਕਰ ਸਕਣਗੇ | ਉਨ੍ਹਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਹੈਰਾਨੀ ਪ੍ਰਗਟ ਕੀਤੀ ਤੇ ਕਿਹਾ ਕਿ ਅਜਿਹੇ ਹੋਰ ਵੀ ਕਈ ਕਦਮ ਹੜ੍ਹਾਂ ਦੇ ਪ੍ਰਭਾਵ ਨੂੰ ਘਟਾਉਣ ਵਿਚ ਮਦਦਗਾਰ ਸਾਬਤ ਹੋ ਸਕਦੇ ਹਨ |