ਸੁਲਤਾਨਪੁਰ ਲੋਧੀ, 4 ਸਤੰਬਰ (ਨਰੇਸ਼ ਹੈਪੀ)-ਜ਼ਮੀਨ ਨਾਲ ਜੁੜੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਦੁੱਖਾਂ ਦਾ ਹੱਲ ਕਰਨ ਲਈ ਵੱਡਾ ਬੇੜਾ ਬਿਆਸ ਦਰਿਆ ਦੀਆਂ ਲਹਿਰਾਂ ਤੇ ਠੇਲ ਦਿੱਤਾ ਹੈ | ਅੱਜ ਸਵੇਰ ਸੰਤ ਸੀਚੇਵਾਲ ਨੇ ਹੜ੍ਹ ਪ੍ਰਭਾਵਿਤ ਇਲਾਕੇ ਮੰਡ ਵਿਚ ਵੱਡਾ ਬੇੜਾ ਪਾਣੀ ਵਿਚ ਉਤਾਰ ਦਿੱਤਾ ਹੈ | ਜਿਸ ਦੀ ਸਮਰੱਥਾ ਏਨੀ ਹੈ ਕਿ ਇਸ ਵਿਚ ਕੰਬਾਈਨ, ਟਰੈਕਟਰ ਅਤੇ ਤਿੰਨ ਦਰਜਨ ਤੱਕ ਪਸ਼ੂਆਂ ਦੀ ਢੋਆ ਢੁਆਈ ਕੀਤੀ ਜਾ ਸਕਦੀ ਹੈ | ਹੜ੍ਹ ਪ੍ਰਭਾਵਿਤ ਇਲਾਕੇ ਵਿਚ ਕਈ ਦਿਨ ਪੀੜਤ ਲੋਕਾਂ ਨਾਲ ਸੰਵਾਦ ਰਚਾਉਣ ਤੋਂ ਬਾਅਦ ਸੰਤ ਸੀਚੇਵਾਲ ਨੇ ਵੱਡਾ ਬੇੜਾ ਬਣਾਉਣ ਦਾ ਫ਼ੈਸਲਾ ਕੀਤਾ ਸੀ ਤੇ ਇਸ ਨੰੂ ਅਮਲੀ ਰੂਪ ਵਿਚ ਸੰਤ ਅਵਤਾਰ ਸਿੰਘ ਯਾਦਗਾਰੀ ਤਕਨੀਕੀ ਖੋਜ ਕੇਂਦਰ ਦੇ ਮਿਸਤਰੀਆਂ ਨੇ ਤਿੰਨ ਦਿਨ ਤੇ ਤਿੰਨ ਰਾਤਾਂ ਲਾ ਕੇ ਇਸ ਨੰੂ ਤਿਆਰ ਕੀਤਾ | 34 ਫੁੱਟ ਲੰਬੇ ਤੇ 13 ਫੁੱਟ ਚੌੜੇ ਇਸ ਬੇੜੇ ਨੂੰ ਤਿਆਰ ਕਰਨ ਵਾਲੇ ਮਿਸਤਰੀ ਵਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਣੇ 6 ਮਿਸਤਰੀਆਂ ਨੇ ਇਸ ਬੇੜੇ ਨੂੰ ਮੁਕੰਮਲ ਕੀਤਾ ਹੈ | ਇਸ ਦਾ ਆਕਾਰ ਵਿਸ਼ਾਲ ਹੋਣ ਦੇ ਬਾਵਜੂਦ ਵੀ ਇਸ ਵਿਚ ਅਜਿਹਾ ਸਮਾਨ ਵਰਤਿਆ ਗਿਆ ਹੈ ਜਿਹੜਾ ਹਲਕਾ ਹੋਣ ਦੇ ਨਾਲ ਨਾਲ ਮਜ਼ਬੂਤ ਵੀ ਹੈ | ਇਸ ਬੇੜੇ ਨੂੰ ਚਲਾਉਣ ਲਈ ਪੈਟਰੋਲ ਵਾਲੇ ਛੋਟੇ ਇੰਜਨ ਨੂੰ ਵਰਤਿਆ ਜਾ ਸਕਦਾ ਹੈ | ਮੰਡ ਇਲਾਕੇ ਦੇ ਬਿਆਸ ਦਰਿਆ ਦੇ ਪਾਣੀ ਵਿਚ ਬੇੜਾ ਉਤਾਰਨ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਮੌਕੇ ਤੇ ਹੀ ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਜਿਹੜਾ ਭਾਰੀ ਸਮਾਨ ਸੁਰੱਖਿਅਤ ਥਾਵਾਂ ਤੇ ਲਿਆਉਣ ਚਾਹੁੰਦੇ ਹਨ | ਉਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦੇ ਮਾਲ ਡੰਗਰ ਤੇ ਖੇਤੀ ਦੇ ਵੱਡੇ ਸੰਦਾਂ ਨੂੰ ਬਾਹਰ ਕੱਢਿਆ ਜਾ ਸਕੇ | ਸਾਂਗਰਾ ਪਿੰਡ ਦੇ ਕਿਸਾਨ ਆਗੂ ਕੁਲਦੀਪ ਸਿੰਘ ਅਤੇ ਬਾਊਪੁਰ ਦੇ ਸਰਪੰਚ ਪਰਮਜੀਤ ਸਿੰਘ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵੱਡੇ ਬੇੜੇ ਦੀ ਮੰਡ ਇਲਾਕੇ ਨੂੰ ਬਹੁਤ ਜ਼ਿਆਦਾ ਲੋੜ ਸੀ | ਇਸ ਇਲਾਕੇ ਵਿਚ ਪਹਿਲਾਂ ਵੀ 2 ਬੇੜੇ ਹਨ ਪਰ ਉਹ ਤਿੰਨਾਂ ਪਿੰਡਾਂ ਅਤੇ ਦਰਜਨਾਂ ਦੇ ਕਰੀਬ ਡੇਰਿਆਂ ਤੇ ਰਹਿੰਦੇ ਕਿਸਾਨਾਂ ਦੀ ਲੋੜ ਪੂਰੀ ਨਹੀਂ ਸੀ ਕਰ ਰਹੇ | ਇਨ੍ਹਾਂ ਦੋਵਾਂ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਮਾਲ ਡੰਗਰ ਅਤੇ ਭਾਰੀ ਸਮਾਨ ਬਾਹਰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਅਗਾਂਹ ਜਾਣਕਾਰੀ ਦੇ ਦੇਣ ਤਾਂ ਜੋ ਉਨ੍ਹਾਂ ਦੇ ਸਮਾਨ ਦੀ ਢੋਆ ਢੁਆਈ ਹੋ ਸਕੇ |